Punjab News: ਮਾਲੇਰਕੋਟਲਾ ਪੁਲਿਸ ਨੇ ਅੰਨ੍ਹੇ ਕਤਲ ਕਾਂਡ ਦੀ ਗੁੱਥੀ ਸੁਲਝਾਉਂਦੇ ਹੋਏ ਦੋਸ਼ੀ ਨੂੰ ਕੀਤਾ ਗ੍ਰਿਫਤਾਰ* 24 ਘੰਟਿਆਂ ਦੇ ਅੰਦਰ ਕਤਲ ਕਾਂਡ ਨੂੰ ਟਰੇਸ ਕਰਕੇ 02 ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਹੈ। ਰਾਜਵਿੰਦਰ ਸਿੰਘ ਦੀ ਟੀਮ ਵੱਲੋਂ ਕਤਲ ਦੀ ਗੁੱਥੀ ਨੂੰ ਸੁਲਝਾਉਂਦੇ ਹੋਏ 02 ਮੁਲਜ਼ਮਾਂ ਨੂੰ ਕਾਬੂ ਕੀਤਾ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ 22 ਮਈ ਨੂੰ 112 ਹੈਲਪਲਾਈਨ ਕੰਟਰੋਲ ਰੂਮ ਮਾਲੇਰਕੋਟਲਾ ਵਿਖੇ ਸੂਚਨਾ ਮਿਲੀ ਸੀ ਕਿ ਪਿੰਡ ਕੰਗਣਵਾਲ ਵਿਖੇ ਇੱਕ ਵਿਅਕਤੀ ਦਾ ਕਤਲ ਕਰ ਦਿੱਤਾ ਗਿਆ ਹੈ। ਸੂਚਨਾ ਮਿਲਣ ਦੇ ਬਾਅਦ ਮੁੱਖ ਅਫਸਰ ਸਦਰ ਅਹਿਮਦਗੜ੍ਹ ਨੇ ਮੌਕੇ ‘ਤੇ ਪਹੁੰਚ ਕੇ ਜਾਂਚ ਕੀਤੀ ਅਤੇ ਮੌਕੇ ‘ਤੇ ਮੌਜੂਦ ਮਨਦੀਪ ਸਿੰਘ ਪੁੱਤਰ ਹਰਕੇਸ ਸਿੰਘ ਵਾਸੀ ਕੰਗਣਵਾਲ ਦੇ ਬਿਆਨਾਂ ਦੇ ਆਧਾਰ ‘ਤੇ ਮਾਮਲਾ ਦਰਜ ਕਰ ਲਿਆ। ਬਿਆਨ ਅਨੁਸਾਰ ਮ੍ਰਿਤਕ ਹਰਬਿੰਦਰ ਸਿੰਘ ਉਰਫ਼ ਬਿੰਦਾ ਆਪਣੇ ਘਰ ਇਕੱਲਾ ਰਹਿੰਦਾ ਸੀ। ਜਦੋਂ ਬਿਆਨਕਰਤਾ ਉਸ ਦੇ ਘਰ ਪਹੁੰਚਿਆ ਤਾਂ ਉਹ ਕਿਤੇ ਨਹੀਂ ਸੀ। ਤਲਾਸ਼ੀ ਲੈਣ ‘ਤੇ ਉਸ ਦੀ ਲਾਸ਼ ਕਬੂਤਰਖਾਨੇ (ਟੋਏ) ‘ਚੋਂ ਹੱਥ-ਪੈਰ ਬੰਨ੍ਹੀ ਹੋਈ ਮਿਲੀ। ਇਸ ਤੋਂ ਬਾਅਦ ਪੁਲਿਸ ਵੱਲੋਂ ਅਣਪਛਾਤੇ ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ। ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਮਾਲੇਰਕੋਟਲਾ ਤੋਂ ਐਸ.ਐਸ.ਪੀ ਕਪਤਾਨ ਪੁਲਿਸ ਪੀ.ਬੀ.ਆਈ ਰਾਜਵਿੰਦਰ ਸਿੰਘ ਰੰਧਾਵਾ ਦੀ ਦੇਖ-ਰੇਖ ਹੇਠ ਪੁਲਿਸ ਜਾਂਚ ਦੇ ਉਪ ਕਪਤਾਨ ਦੀਪਿੰਦਰਪਾਲ ਸਿੰਘ ਜੇ.ਜੀ., ਪੁਲਿਸ ਉਪ ਕਪਤਾਨ ਅਹਿਮਦਗੜ੍ਹ ਇੰਦਰਪਾਲ ਚੌਹਾਨ, ਸੀ.ਆਈ.ਏ ਦੇ ਇੰਚਾਰਜ ਇੰਸਪੈਕਟਰ ਹਰਜਿੰਦਰ ਸਿੰਘ ਅਤੇ ਮੁੱਖ ਅਫਸਰ ਸਦਰ ਅਹਿਮਦਗੜ੍ਹ ਇੰਸਪੈਕਟਰ ਗੁਰਪ੍ਰੀਤ ਕੌਰ ਦੀ ਅਗਵਾਈ ਹੇਠ ਵਿਸ਼ੇਸ਼ ਟੀਮ ਬਣਾਈ ਗਈ। ਟੀਮ ਨੇ ਫੋਰੈਂਸਿਕ ਟੀਮ ਦੀ ਮਦਦ ਨਾਲ ਸਬੂਤ ਇਕੱਠੇ ਕੀਤੇ ਅਤੇ ਤਕਨੀਕੀ ਆਧਾਰ ‘ਤੇ ਜਾਂਚ ਨੂੰ ਅੱਗੇ ਵਧਾਇਆ। ਤਫਤੀਸ਼ ਦੌਰਾਨ ਸਾਹਮਣੇ ਆਈ ਸੂਚਨਾ ਦੇ ਆਧਾਰ ‘ਤੇ ਮਨਦੀਪ ਸਿੰਘ ਉਰਫ ਕਾਲਾ ਪੁੱਤਰ ਕਮਿੱਕਰ ਸਿੰਘ ਵਾਸੀ ਕੰਗਣਵਾਲ ਅਤੇ ਸੰਦੀਪ ਸਿੰਘ ਪੁੱਤਰ ਜੋਗਿੰਦਰ ਸਿੰਘ ਵਾਸੀ ਦਸੌਂਧਾ ਸਿੰਘ ਵਾਲਾ ਹਾਲ ਵਾਸੀ ਸੰਦੌਰ ਨੂੰ ਕਾਬੂ ਕਰਕੇ ਸ਼ੱਕ ਦੇ ਆਧਾਰ ‘ਤੇ ਪੁੱਛਗਿੱਛ ਕੀਤੀ ਗਈ। ਪੁੱਛਗਿੱਛ ਦੌਰਾਨ ਮੁਲਜ਼ਮਾਂ ਨੇ ਖੁਲਾਸਾ ਕੀਤਾ ਕਿ ਉਨ੍ਹਾਂ ਦੀ ਮ੍ਰਿਤਕ ਨਾਲ ਪੈਸਿਆਂ ਦੇ ਲੈਣ-ਦੇਣ ਨੂੰ ਲੈ ਕੇ ਜਾਣ-ਪਛਾਣ ਸੀ। ਮੁਲਜ਼ਮਾਂ ਨੇ ਮ੍ਰਿਤਕ ਕੋਲ ਆਪਣਾ ਕੁਝ ਸਾਮਾਨ ਗਿਰਵੀ ਰੱਖ ਕੇ ਉਸ ਤੋਂ ਪੈਸੇ ਲੈ ਲਏ ਸਨ ਅਤੇ ਮ੍ਰਿਤਕ ਉਸ ਪੈਸੇ ਦੀ ਵਾਪਸੀ ਦੀ ਮੰਗ ਕਰ ਰਿਹਾ ਸੀ। ਇਸੇ ਰੰਜਿਸ਼ ਕਾਰਨ ਮੁਲਜ਼ਮਾਂ ਨੇ ਹਰਬਿੰਦਰ ਸਿੰਘ ਦੇ ਹੱਥ-ਪੈਰ ਬੰਨ੍ਹ ਕੇ ਕਮਰੇ (ਟੋਏ) ਵਿੱਚ ਬੰਦ ਕਰ ਦਿੱਤਾ। ਜਦੋਂ ਮ੍ਰਿਤਕ ਨੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ ਤਾਂ ਮੁਲਜ਼ਮਾਂ ਨੇ ਉਸ ਦਾ ਮੂੰਹ ਬੰਦ ਕਰਕੇ ਗਲਾ ਘੁੱਟ ਕੇ ਕਤਲ ਕਰ ਦਿੱਤਾ ਅਤੇ ਲਾਸ਼ ਨੂੰ ਕਬੂਤਰਾਂ ਨਾਲ ਕਮਰੇ (ਟੋਏ) ਵਿੱਚ ਬੰਦ ਕਰ ਦਿੱਤਾ। ਪੁਲਿਸ ਨੇ ਦੋਵਾਂ ਮੁਲਜ਼ਮਾਂ ਨੂੰ ਨਾਮਜ਼ਦ ਕਰਕੇ ਗ੍ਰਿਫ਼ਤਾਰ ਕਰ ਲਿਆ ਹੈ। ਮੁਲਜ਼ਮਾਂ ਕੋਲੋਂ ਹੋਰ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ। ਇਨ੍ਹਾਂ ਨੂੰ ਮਾਣਯੋਗ ਅਦਾਲਤ ‘ਚ ਪੇਸ਼ ਕਰਕੇ ਪੁਲਿਸ ਰਿਮਾਂਡ ‘ਤੇ ਲਿਆ ਜਾਵੇਗਾ।
