PSEB ਨੇ 2010 ਤੋਂ ਬਾਅਦ ਬੋਰਡ ਇਮਤਿਹਾਨਾਂ ਵਿੱਚ ਫੇਲ੍ਹ ਹੋਏ ਵਿਦਿਆਰਥੀਆਂ ਨੂੰ ਵਿਸ਼ੇਸ਼ ਮੌਕਾ ਪ੍ਰਦਾਨ ਕਰਨ ਲਈ ਰਜਿਸਟ੍ਰੇਸ਼ਨ ਸ਼ੁਰੂ ਕੀਤੀ


ਚੰਡੀਗੜ੍ਹ: ਸੂਬੇ ਦੇ ਹਜ਼ਾਰਾਂ ਵਿਦਿਆਰਥੀਆਂ ਨੂੰ ਵੱਡੀ ਰਾਹਤ ਦਿੰਦਿਆਂ ਪੰਜਾਬ ਸਕੂਲ ਸਿੱਖਿਆ ਬੋਰਡ (ਪੀਐਸਈਬੀ) ਨੇ ਉਨ੍ਹਾਂ ਵਿਦਿਆਰਥੀਆਂ ਨੂੰ ਵਿਸ਼ੇਸ਼ ਮੌਕਾ (ਸਪੈਸ਼ਲ ਮਰਸੀ ਚਾਂਸ) ਪ੍ਰਦਾਨ ਕਰਨ ਲਈ ਆਨਲਾਈਨ ਰਜਿਸਟ੍ਰੇਸ਼ਨ ਪ੍ਰਕਿਰਿਆ ਸ਼ੁਰੂ ਕੀਤੀ ਹੈ ਜੋ ਪਿਛਲੇ 16 ਸਾਲਾਂ ਵਿੱਚ 10ਵੀਂ ਜਾਂ 12ਵੀਂ ਜਮਾਤ ਦੀਆਂ ਬੋਰਡ ਪ੍ਰੀਖਿਆਵਾਂ ਪਾਸ ਨਹੀਂ ਕਰ ਸਕੇ ਸਨ। ਯੋਗ ਉਮੀਦਵਾਰ PSEB ਦੀ ਵੈੱਬਸਾਈਟ ‘ਤੇ 25 ਮਈ, 2026 ਤੱਕ ਅਪਲਾਈ ਕਰ ਸਕਦੇ ਹਨ।

ਇਸ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਪੰਜਾਬ ਦੇ ਸਿੱਖਿਆ ਮੰਤਰੀ ਸ. ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਇਹ ਕਦਮ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350ਵੇਂ ਸ਼ਹੀਦੀ ਪੁਰਬ ਨੂੰ ਸਮਰਪਿਤ ਹੈ। ਇਸ ਕਦਮ ਦਾ ਉਦੇਸ਼ ਉਨ੍ਹਾਂ ਵਿਦਿਆਰਥੀਆਂ ਨੂੰ ਆਪਣੀ ਸਕੂਲੀ ਪੜ੍ਹਾਈ ਪੂਰੀ ਕਰਨ ਅਤੇ ਕਰੀਅਰ ਬਣਾਉਣ ਦਾ ਇੱਕ ਨਵਾਂ ਮੌਕਾ ਦੇਣਾ ਹੈ ਜੋ ਸਾਲ 2010 ਅਤੇ 2025 ਦਰਮਿਆਨ 10ਵੀਂ ਜਾਂ 12ਵੀਂ ਦੀਆਂ ਬੋਰਡ ਪ੍ਰੀਖਿਆਵਾਂ ਪਾਸ ਨਹੀਂ ਕਰ ਸਕੇ ਸਨ।

ਯੋਗਤਾ ਦੇ ਮਾਪਦੰਡਾਂ ਬਾਰੇ ਜਾਣਕਾਰੀ ਦਿੰਦੇ ਹੋਏ। ਬੈਂਸ ਨੇ ਦੱਸਿਆ ਕਿ ਇਹ ਵਿਸ਼ੇਸ਼ ਮੌਕਾ ਉਨ੍ਹਾਂ ਉਮੀਦਵਾਰਾਂ ਨੂੰ ਦਿੱਤਾ ਜਾ ਰਿਹਾ ਹੈ, ਜੋ ਮਾਰਚ 2010 ਤੋਂ ਮਾਰਚ 2025 ਦਰਮਿਆਨ 10ਵੀਂ ਜਾਂ 12ਵੀਂ ਜਮਾਤ ਵਿੱਚ ਪਾਸ ਹੋਏ ਸਨ ਅਤੇ ਮੁੜ ਹਾਜ਼ਰੀ ਜਾਂ ਕੰਪਾਰਟਮੈਂਟ ਦੇ ਸਾਰੇ ਮੌਕੇ ਖ਼ਤਮ ਕਰ ਚੁੱਕੇ ਹਨ ਜਾਂ ਜੋ ਆਪਣੀ ਵਿੱਦਿਅਕ ਕਾਰਗੁਜ਼ਾਰੀ ਵਿੱਚ ਸੁਧਾਰ ਕਰਨਾ ਚਾਹੁੰਦੇ ਹਨ। ਇਸ ਵਿੱਚ ਉਹ ਉਮੀਦਵਾਰ ਵੀ ਸ਼ਾਮਲ ਹਨ ਜੋ ਮਾਰਚ 2010 ਅਤੇ ਮਾਰਚ 2026 ਦੇ ਵਿਚਕਾਰ ਪ੍ਰੀਖਿਆ ਵਿੱਚ ਸ਼ਾਮਲ ਹੋਏ ਅਤੇ ਅਸਫਲ ਹੋਏ, ਬਸ਼ਰਤੇ ਉਹਨਾਂ ਨੇ ਘੱਟੋ-ਘੱਟ ਇੱਕ ਮੁੱਖ ਵਿਸ਼ਾ ਪਾਸ ਕੀਤਾ ਹੋਵੇ। ਇਹ ਮੌਕਾ 10ਵੀਂ ਅਤੇ 12ਵੀਂ ਓਪਨ ਸਕੂਲ ਸਟ੍ਰੀਮ ਦੇ ਵਿਦਿਆਰਥੀਆਂ ਲਈ ਵੀ ਉਪਲਬਧ ਹੈ।

Leave a Comment

Your email address will not be published. Required fields are marked *

Scroll to Top