ਪਟਿਆਲਾ ਨਿਊਜ਼ : ਚੇਅਰਮੈਨ ਐਡਵੋਕੇਟ ਹਰਪਾਲ ਜੁਨੇਜਾ ਵੱਲੋਂ ਪੀਆਰਟੀਸੀ ਸੰਗਰੂਰ ਡਿਪੂ ਅਤੇ ਬੱਸ ਸਟੈਂਡ ਦੀ ਅਚਨਚੇਤ ਚੈਕਿੰਗ ਪਟਿਆਲਾ, 25 ਅਪ੍ਰੈਲ: ਪੈਪਸੂ ਰੋਡ ਟਰਾਂਸਪੋਰਟ ਕਾਰਪੋਰੇਸ਼ਨ ਦੇ ਚੇਅਰਮੈਨ ਐਡਵੋਕੇਟ ਹਰਪਾਲ ਜੁਨੇਜਾ ਵੱਲੋਂ ਅੱਜ ਸੰਗਰੂਰ ਡਿਪੂ ਅਤੇ ਸਥਾਨਕ ਬੱਸ ਸਟੈਂਡ ਦੀ ਅਚਨਚੇਤ ਚੈਕਿੰਗ ਕੀਤੀ ਗਈ। ਇਸ ਦੌਰਾਨ ਉਨ੍ਹਾਂ ਨੇ ਡਿਪੂ ਕਰਮਚਾਰੀਆਂ ਨਾਲ ਸਮੁੱਚੀ ਕਾਰਗੁਜ਼ਾਰੀ ਬਾਰੇ ਵਿਸਥਾਰਪੂਰਵਕ ਜਾਣਕਾਰੀ ਹਾਸਲ ਕੀਤੀ, ਜਿਸ ਵਿੱਚ ਨਵੇਂ ਰੂਟਾਂ ਦੀ ਸ਼ੁਰੂਆਤ, ਰੋਜ਼ਾਨਾ ਆਮਦਨ ਅਤੇ ਕੇ.ਐਮ.ਪੀ.ਐਲ. ਕਿਲੋਮੀਟਰ ਪ੍ਰਤੀ ਲੀਟਰ ਸਥਿਤੀ ਸ਼ਾਮਲ ਹੈ। ਇਸ ਮੌਕੇ ਉਨ੍ਹਾਂ ਪ੍ਰਸ਼ਾਸਨਿਕ ਅਧਿਕਾਰੀਆਂ ਅਤੇ ਹੋਰ ਸਟਾਫ਼ ਨੂੰ ਹੋਰ ਸੁਧਾਰ ਲਿਆਉਣ ਦੇ ਆਦੇਸ਼ ਵੀ ਦਿੱਤੇ। ਚੇਅਰਮੈਨ ਨੇ ਯਾਤਰੀਆਂ, ਕੰਡਕਟਰਾਂ ਅਤੇ ਡਰਾਈਵਰਾਂ ਨਾਲ ਸਿੱਧੀ ਗੱਲਬਾਤ ਵੀ ਕੀਤੀ। ਚੈਕਿੰਗ ਦੌਰਾਨ ਉਨ੍ਹਾਂ ਸੰਗਰੂਰ ਦੇ ਬੱਸ ਸਟੈਂਡ ਵਿੱਚ ਸਫਾਈ ਪ੍ਰਬੰਧਾਂ, ਵਾਸ਼ਰੂਮਾਂ ਦੀ ਹਾਲਤ ਅਤੇ ਬੱਸਾਂ ਦੀ ਹਾਲਤ ਦਾ ਜਾਇਜ਼ਾ ਲਿਆ। ਚੇਅਰਮੈਨ ਹਰਪਾਲ ਜੁਨੇਜਾ ਨੇ ਕਿਹਾ ਕਿ ਯਾਤਰੀਆਂ ਨੂੰ ਸੁਵਿਧਾਜਨਕ, ਸੁਰੱਖਿਅਤ ਅਤੇ ਸਮੇਂ ਸਿਰ ਸੇਵਾਵਾਂ ਪ੍ਰਦਾਨ ਕਰਨਾ ਪੀ.ਆਰ.ਟੀ.ਸੀ. ਦਾ ਉਦੇਸ਼ ਹੈ। ਦੀ ਮੁੱਖ ਪਹਿਲ ਹੈ, ਉਨ੍ਹਾਂ ਕਿਹਾ ਕਿ ਸਟਾਫ਼ ਦੇ ਸਬੰਧਤ ਕਰਮਚਾਰੀਆਂ ਨੂੰ ਬੱਸਾਂ ਦੀ ਸਾਂਭ-ਸੰਭਾਲ, ਸਮੇਂ ਦੀ ਪਾਬੰਦੀ ਅਤੇ ਸਾਫ਼-ਸਫ਼ਾਈ ਦੇ ਪ੍ਰਬੰਧਾਂ ਵੱਲ ਵਿਸ਼ੇਸ਼ ਧਿਆਨ ਦੇਣ ਲਈ ਕਿਹਾ ਗਿਆ ਹੈ। ਇਸ ਤੋਂ ਇਲਾਵਾ ਸਟਾਫ਼ ਨੂੰ ਇਹ ਵੀ ਹਦਾਇਤ ਕੀਤੀ ਗਈ ਹੈ ਕਿ ਲੋਕਾਂ ਵੱਲੋਂ ਮਿਲ ਰਹੀਆਂ ਲਿਖਤੀ ਜਾਂ ਜ਼ੁਬਾਨੀ ਸ਼ਿਕਾਇਤਾਂ ਦਾ ਵੀ ਤੁਰੰਤ ਨਿਪਟਾਰਾ ਕੀਤਾ ਜਾਵੇ। ਇਸ ਦੌਰਾਨ ਚੇਅਰਮੈਨ ਨੇ ਵੱਖ-ਵੱਖ ਯੂਨੀਅਨਾਂ ਦੇ ਨੁਮਾਇੰਦਿਆਂ ਨਾਲ ਵੀ ਮੁਲਾਕਾਤ ਕੀਤੀ ਅਤੇ ਉਨ੍ਹਾਂ ਦੀਆਂ ਮੰਗਾਂ ਅਤੇ ਸਮੱਸਿਆਵਾਂ ਨੂੰ ਧਿਆਨ ਨਾਲ ਸੁਣਿਆ। ਉਨ੍ਹਾਂ ਭਰੋਸਾ ਦਿਵਾਇਆ ਕਿ ਪੀ.ਆਰ.ਟੀ.ਸੀ ਦੀ ਕਾਰਗੁਜ਼ਾਰੀ ਵਿੱਚ ਨਿਰੰਤਰ ਸੁਧਾਰ ਲਈ ਭਵਿੱਖ ਵਿੱਚ ਵੀ ਅਜਿਹੀਆਂ ਅਚਨਚੇਤ ਚੈਕਿੰਗਾਂ ਜਾਰੀ ਰਹਿਣਗੀਆਂ। ਇਸ ਦੌਰਾਨ ਜਨਰਲ ਮੈਨੇਜਰ ਪਟਿਆਲਾ ਜਤਿੰਦਰਪਾਲ ਗਰੇਵਾਲ ਅਤੇ ਜਨਰਲ ਮੈਨੇਜਰ ਸੰਗਰੂਰ ਮਨਿੰਦਰਪਾਲ ਸਿੱਧੂ ਅਤੇ ਹੋਰ ਸਟਾਫ਼ ਮੈਂਬਰ ਵੀ ਹਾਜ਼ਰ ਸਨ। ਪੋਸਟ ਵਿਯੂਜ਼: 0
