ਚੰਡੀਗੜ੍ਹ, 27 ਮਈ, 2026:
ਪੰਜਾਬ ਵਿਜੀਲੈਂਸ ਬਿਊਰੋ ਨੇ ਸੂਬੇ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਚਲ ਰਹੀ ਮੁਹਿੰਮ ਦੌਰਾਨ ਥਾਣਾ ਡਵੀਜ਼ਨ ਨੰਬਰ 8, ਲੁਧਿਆਣਾ ਵਿਖੇ ਤਾਇਨਾਤ ਸਹਾਇਕ ਸਬ-ਇੰਸਪੈਕਟਰ ਹਰਦੀਪ ਸਿੰਘ ਨੂੰ 14,000 ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਹੈ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਅੱਜ ਇਥੇ ਰਾਜ ਵਿਜੀਲੈਂਸ ਬਿਓਰੋ ਦੇ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਉਕਤ ਦੋਸ਼ੀ ਨੂੰ ਗੋਪਾਲ ਨਗਰ, ਹੈਬੋਵਾਲ ਕਲਾਂ, ਲੁਧਿਆਣਾ ਦੇ ਵਸਨੀਕ ਇੱਕ ਸ਼ਿਕਾਇਤ ਦੇ ਆਧਾਰ ‘ਤੇ ਕਾਬੂ ਕੀਤਾ ਗਿਆ ਹੈ।
ਉਨ੍ਹਾਂ ਦੱਸਿਆ ਕਿ ਸ਼ਿਕਾਇਤਕਰਤਾ ਅਨੁਸਾਰ ਉਸ ਦੀ ਲੜਕੀ ਜਿਸ ਦੀ ਉਮਰ ਕਰੀਬ 22 ਸਾਲ ਹੈ, ਨੇ ਸਰਕਾਰੀ ਆਈ.ਟੀ.ਆਈ ਲੁਧਿਆਣਾ ਤੋਂ ਟੇਲਰਿੰਗ ਦਾ ਕੋਰਸ ਪਾਸ ਕੀਤਾ ਹੋਇਆ ਸੀ। ਉਹ ਆਪਣਾ ਨਤੀਜਾ ਲੈਣ ਲਈ ਸਰਕਾਰੀ ਆਈ.ਟੀ.ਆਈ ਘੁਮਾਰ ਮੰਡੀ ਗਈ ਸੀ ਪਰ ਸ਼ਾਮ ਤੱਕ ਘਰ ਨਹੀਂ ਪਰਤੀ। ਸ਼ਿਕਾਇਤਕਰਤਾ ਨੇ ਆਪਣੇ ਪੱਧਰ ‘ਤੇ ਉਸਦੀ ਭਾਲ ਕੀਤੀ ਪਰ ਉਸਦੀ ਲੜਕੀ ਨਹੀਂ ਮਿਲੀ, ਜਿਸ ਤੋਂ ਬਾਅਦ ਸ਼ਿਕਾਇਤਕਰਤਾ ਨੇ ਆਪਣੀ ਲੜਕੀ ਦੇ ਲਾਪਤਾ ਹੋਣ ਦੀ ਰਿਪੋਰਟ ਥਾਣਾ ਡਵੀਜ਼ਨ ਨੰਬਰ-8 ਲੁਧਿਆਣਾ ਵਿਖੇ ਡਿਊਟੀ ਅਫ਼ਸਰ ਏ.ਐਸ.ਆਈ. ਹਰਦੀਪ ਸਿੰਘ ਕੋਲ ਰਿਪੋਰਟ ਦਰਜ ਕਰਵਾਈ। ਮੁਲਜ਼ਮ ਏਐਸਆਈ ਹਰਦੀਪ ਸਿੰਘ ਨੇ ਸ਼ਿਕਾਇਤਕਰਤਾ ਨੂੰ ਥਾਣੇ ਬੁਲਾ ਕੇ ਉਸ ਦੀ ਦਰਖਾਸਤ ’ਤੇ ਕਾਰਵਾਈ ਕਰਨ ਲਈ 20 ਹਜ਼ਾਰ ਰੁਪਏ ਰਿਸ਼ਵਤ ਦੀ ਮੰਗ ਕੀਤੀ ਅਤੇ ਮੌਕੇ ’ਤੇ ਉਸ ਕੋਲੋਂ 6 ਹਜ਼ਾਰ ਰੁਪਏ ਵੀ ਲੈ ਲਏ।
ਬੁਲਾਰੇ ਨੇ ਅੱਗੇ ਦੱਸਿਆ ਕਿ ਸੀਨੀਅਰ ਅਧਿਕਾਰੀਆਂ ਦੇ ਆਦੇਸ਼ਾਂ ‘ਤੇ ਪੁਲਿਸ ਥਾਣਾ ਡਵੀਜ਼ਨ ਨੰਬਰ-08, ਲੁਧਿਆਣਾ ਵਿਖੇ ਐਫ.ਆਈ.ਆਰ. ਦੋਸ਼ੀ ਏ.ਐਸ.ਆਈ ਹਰਦੀਪ ਸਿੰਘ ਨੇ ਸ਼ਿਕਾਇਤਕਰਤਾ ਨੂੰ ਐਫ.ਆਈ.ਆਰ ਦੀ ਕਾਪੀ ਦੇਣ ਲਈ ਕਿਹਾ ਅਤੇ ਸ਼ਿਕਾਇਤਕਰਤਾ ਪਾਸੋਂ ਬਾਕੀ 14,000 ਰੁਪਏ ਲੈ ਕੇ ਅਗਲੇਰੀ ਕਾਰਵਾਈ ਕਰਨ ਲਈ ਕਿਹਾ।
ਰਿਸ਼ਵਤ ਦੇਣ ਲਈ ਰਾਜ਼ੀ ਨਾ ਹੋਣ ‘ਤੇ ਸ਼ਿਕਾਇਤਕਰਤਾ ਨੇ ਵਿਜੀਲੈਂਸ ਬਿਓਰੋ ਰੇਂਜ ਲੁਧਿਆਣਾ ਨਾਲ ਸੰਪਰਕ ਕੀਤਾ ਅਤੇ ਉਸਦੀ ਸ਼ਿਕਾਇਤ ‘ਤੇ ਕਾਰਵਾਈ ਕਰਦਿਆਂ ਵਿਜੀਲੈਂਸ ਬਿਓਰੋ ਦੀ ਟੀਮ ਨੇ ਜਾਲ ਵਿਛਾਇਆ, ਜਿਸ ਦੌਰਾਨ ਦੋਸ਼ੀ ਏਐਸਆਈ ਨੂੰ ਦੋ ਸਰਕਾਰੀ ਗਵਾਹਾਂ ਦੀ ਹਾਜ਼ਰੀ ਵਿੱਚ ਸ਼ਿਕਾਇਤਕਰਤਾ ਤੋਂ 14,000 ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕਰ ਲਿਆ ਗਿਆ।
ਇਸ ਸਬੰਧ ਵਿੱਚ ਵਿਜੀਲੈਂਸ ਬਿਓਰੋ ਦੇ ਲੁਧਿਆਣਾ ਪੁਲਿਸ ਸਟੇਸ਼ਨ ਵਿੱਚ ਭ੍ਰਿਸ਼ਟਾਚਾਰ ਰੋਕੂ ਐਕਟ ਤਹਿਤ ਮੁਕੱਦਮਾ ਦਰਜ ਕਰਕੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।
