ਸ੍ਰੀ ਅਕਾਲ ਤਖ਼ਤ ਸਾਹਿਬ ਦੇ ਫੈਸਲਿਆਂ ‘ਤੇ ਸਵਾਲ ਉਠਾਉਣਾ ਸੁਖਬੀਰ ਬਾਦਲ ਦੀ ਨਿਰਾਸ਼ਾ ਨੂੰ ਦਰਸਾਉਂਦਾ ਹੈ: ਮਲਵਿੰਦਰ ਸਿੰਘ ਕੰਗ *ਸੁਖਬੀਰ ਬਾਦਲ ਦੇ ਦੋਹਰੇ ਮਾਪਦੰਡਾਂ ਦਾ ਪਰਦਾਫਾਸ਼; ਪਹਿਲਾਂ ਮੰਨੀਆਂ ਗਲਤੀਆਂ, ਹੁਣ ਇਸ ਨੂੰ ‘ਸਾਜ਼ਿਸ਼’ ਕਹਿ ਰਹੇ ਹਨ: ਕੰਗ* *ਬੇਪਰਵਾਹ ਸੁਖਬੀਰ ਬਾਦਲ ਦਿਨ-ਬ-ਦਿਨ ਆਪਣੀ ਸਿਆਸੀ ਜ਼ਮੀਨ ਖਿਸਕਣ ਕਾਰਨ ਪਵਿੱਤਰ ਸੰਸਥਾਵਾਂ ਨੂੰ ਨਿਸ਼ਾਨਾ ਬਣਾ ਰਿਹਾ ਹੈ: ਕੰਗ* *ਸੁਖਬੀਰ ਬਾਦਲ ਨੇ ਸਿੱਖ ਸਰਵਉੱਚ ਸੰਸਥਾ ਦੀ ਭਰੋਸੇਯੋਗਤਾ ‘ਤੇ ਚੁੱਕੇ ਸਵਾਲ; ਪੰਥ ਉਸ ਨੂੰ ਕਦੇ ਮੁਆਫ਼ ਨਹੀਂ ਕਰੇਗਾ: ਕੰਗ* ਚੰਡੀਗੜ੍ਹ, 8 ਅਪਰੈਲ ਆਮ ਆਦਮੀ ਪਾਰਟੀ (ਆਪ) ਦੇ ਸੰਸਦ ਮੈਂਬਰ ਮਾਲਵਿੰਦਰ ਸਿੰਘ ਕੰਗ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ’ਤੇ ਤਿੱਖਾ ਹਮਲਾ ਕਰਦਿਆਂ ਕਿਹਾ ਹੈ ਕਿ ਸਿੱਖਾਂ ਦੀ ਸਿਰਮੌਰ ਸੰਸਥਾ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਭਰੋਸੇਯੋਗਤਾ ’ਤੇ ਸਵਾਲ ਉਠਾਉਣਾ ਬਾਦਲ ਦੀ ਸਿੱਖੀ ਦੇ ਸਤਿਕਾਰ ਪ੍ਰਤੀ ਨਿਰਾਸ਼ਾ ਅਤੇ ਉਸ ਦੀ ਅਣਗਹਿਲੀ ਨੂੰ ਦਰਸਾਉਂਦਾ ਹੈ। ਕੰਗ ਨੇ ਕਿਹਾ ਕਿ ਸੁਖਬੀਰ ਬਾਦਲ ਹੁਣ ਜਿਸ ਤਰ੍ਹਾਂ ਆਪਣੀ ਸਿਆਸੀ ਜ਼ਮੀਨ ਖਿਸਕਣ ਤੋਂ ਬਾਅਦ ਪਵਿੱਤਰ ਸੰਸਥਾਵਾਂ ਨੂੰ ਨਿਸ਼ਾਨਾ ਬਣਾ ਰਿਹਾ ਹੈ, ਉਹ ਬੇਹੱਦ ਮੰਦਭਾਗਾ ਹੈ। ਸੰਸਦ ਮੈਂਬਰ ਕੰਗ ਨੇ ਯਾਦ ਦਿਵਾਇਆ ਕਿ ਜਦੋਂ ਸੁਖਬੀਰ ਸਿੰਘ ਬਾਦਲ ਨੂੰ ਪਹਿਲਾਂ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਤਲਬ ਕੀਤਾ ਗਿਆ ਸੀ ਤਾਂ ਉਨ੍ਹਾਂ ਨੇ ਗੁਰੂ ਮਹਾਰਾਜ ਦੀ ਪਵਿੱਤਰ ਹਜ਼ੂਰੀ ਵਿੱਚ ਆਪਣੀਆਂ ਸਾਰੀਆਂ ਗਲਤੀਆਂ ਮੰਨ ਲਈਆਂ ਸਨ। ਪੂਰੀ ਦੁਨੀਆ ਨੇ ਉਸ ਨੂੰ ਲਾਈਵ ਪ੍ਰਸਾਰਣ ਰਾਹੀਂ ਆਪਣੀਆਂ ਗਲਤੀਆਂ ਸਵੀਕਾਰ ਕਰਦੇ ਦੇਖਿਆ ਸੀ। ਹਾਲਾਂਕਿ, ਇਸ ਤੋਂ ਤੁਰੰਤ ਬਾਅਦ, ਸ੍ਰੀ ਮੁਕਤਸਰ ਸਾਹਿਬ ਵਿੱਚ ਇੱਕ ਰੈਲੀ ਦੌਰਾਨ, ਉਸਨੇ ਆਪਣੀ ਸੁਰ ਬਦਲੀ ਅਤੇ ਬੇਸ਼ਰਮੀ ਨਾਲ ਦਾਅਵਾ ਕੀਤਾ ਕਿ ਉਸਨੇ ਕੋਈ ਗਲਤ ਕੰਮ ਨਹੀਂ ਕੀਤਾ ਹੈ। ਇਹ ਦੋਹਰਾ ਕਿਰਦਾਰ ਉਸ ਦੇ ਹੰਕਾਰ ਅਤੇ ਸਿੱਖ ਕੌਮ ਪ੍ਰਤੀ ਉਸ ਦੀ ਅਣਦੇਖੀ ਨੂੰ ਦਰਸਾਉਂਦਾ ਹੈ। ਸੁਖਬੀਰ ਬਾਦਲ ਦੇ ਹਾਲੀਆ ਬਿਆਨ ਜਿਸ ਵਿੱਚ ਉਹਨਾਂ ਨੇ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਉਹਨਾਂ ਖਿਲਾਫ ‘ਸਾਜ਼ਿਸ਼’ ਰਚਣ ਦਾ ਦੋਸ਼ ਲਾਇਆ ਸੀ, ‘ਤੇ ਤਿੱਖੀ ਪ੍ਰਤੀਕਿਰਿਆ ਦਿੰਦਿਆਂ ਕੰਗ ਨੇ ਕਿਹਾ ਕਿ ਅਜਿਹੀ ਘੋਰ ਬੇਅਦਬੀ ਜਾਂ ਗਲਤੀ ਕੋਈ ਗੈਰ ਸਿੱਖ ਵੀ ਨਹੀਂ ਕਰੇਗਾ। ਉਨ੍ਹਾਂ ਕਿਹਾ ਕਿ ਜਦੋਂ ਪੰਜ ਸਿੰਘ ਸਾਹਿਬਾਨ ਨੇ ਗੁਰੂ ਮਹਾਰਾਜ ਦੀ ਹਜ਼ੂਰੀ ਵਿੱਚ ਬੈਠ ਕੇ ਸਿੱਖ ਮਰਿਆਦਾ ਅਤੇ ਗੌਰਵਮਈ ਇਤਿਹਾਸ ’ਤੇ ਆਧਾਰਿਤ ਫੈਸਲਾ ਸੁਣਾਇਆ ਤਾਂ ਇਸ ਨੂੰ ‘ਸਾਜ਼ਿਸ਼’ ਕਰਾਰ ਦੇਣਾ ਸ਼ਰਮਨਾਕ ਕਾਰਾ ਹੈ। ਕੰਗ ਨੇ ਕਿਹਾ ਕਿ ਸੁਖਬੀਰ ਸਿੰਘ ਬਾਦਲ ਨੇ ਪੰਜਾਬ ਅਤੇ ਸਿੱਖ ਪੰਥ ਵਿਰੁੱਧ ਜੋ ਕੁਕਰਮ ਕੀਤੇ ਹਨ, ਉਨ੍ਹਾਂ ਦੀ ਸਜ਼ਾ ਪੰਜਾਬ ਦੇ ਲੋਕ ਪਹਿਲਾਂ ਹੀ ਭੁਗਤ ਰਹੇ ਹਨ। ਪਰ ਹੁਣ ਜਿਸ ਤਰ੍ਹਾਂ ਉਸ ਨੇ ਸਿੱਖ ਦੀ ਸਰਵਉੱਚ ਸੰਸਥਾ ਦੀ ਭਰੋਸੇਯੋਗਤਾ ਅਤੇ ਫੈਸਲਿਆਂ ‘ਤੇ ਸਵਾਲੀਆ ਨਿਸ਼ਾਨ ਲਾਇਆ ਹੈ, ਉਸ ਨੂੰ ਸਮੁੱਚਾ ਪੰਥ ਕਦੇ ਵੀ ਮੁਆਫ਼ ਨਹੀਂ ਕਰੇਗਾ। ਕੌਮ ਅਤੇ ਸੰਗਤ ਆਉਣ ਵਾਲੇ ਸਮੇਂ ਵਿੱਚ ਇਸ ਬੇਅਦਬੀ ਦੇ ਕਾਰੇ ਲਈ ਉਸਨੂੰ ਜਵਾਬਦੇਹ ਠਹਿਰਾਏਗੀ। ਪੋਸਟ ਵਿਯੂਜ਼: 0
