ਮੁੰਬਈ | 12 ਅਪ੍ਰੈਲ 2026
ਹਿੰਦੀ ਸਿਨੇਮਾ ਦੀ ਮਸ਼ਹੂਰ ਪਲੇਅਬੈਕ ਗਾਇਕਾ ਆਸ਼ਾ ਭੌਂਸਲੇ ਦਾ ਐਤਵਾਰ ਨੂੰ ਮੁੰਬਈ ਵਿੱਚ ਦਿਹਾਂਤ ਹੋ ਗਿਆ। ਉਹ 92 ਸਾਲਾਂ ਦੇ ਸਨ। ਸ਼ੁਰੂਆਤੀ ਜਾਣਕਾਰੀ ਮੁਤਾਬਕ ਉਹ ਪਿਛਲੇ ਕੁਝ ਸਮੇਂ ਤੋਂ ਬਿਮਾਰ ਸੀ ਅਤੇ ਹਸਪਤਾਲ ‘ਚ ਭਰਤੀ ਸੀ। ਦੱਸਿਆ ਜਾ ਰਿਹਾ ਹੈ ਕਿ ਉਸ ਦੀ ਮੌਤ ਮਲਟੀ-ਆਰਗਨ ਫੇਲਿਉਰ ਅਤੇ ਦਿਲ ਦੀ ਸਮੱਸਿਆ ਕਾਰਨ ਹੋਈ ਹੈ।
–
🎶 8 ਦਹਾਕਿਆਂ ਦਾ ਸੁਨਹਿਰੀ ਸਫ਼ਰ
ਆਸ਼ਾ ਭੌਂਸਲੇ ਹਿੰਦੀ ਸਿਨੇਮਾ ਦੀਆਂ ਮਹਾਨ ਗਾਇਕਾਵਾਂ ਵਿੱਚੋਂ ਇੱਕ ਸੀ। ਉਸਦਾ ਕਰੀਅਰ 8 ਦਹਾਕਿਆਂ ਤੋਂ ਵੱਧ ਦਾ ਰਿਹਾ, ਜਿਸ ਦੌਰਾਨ ਉਸਨੇ ਹਜ਼ਾਰਾਂ ਗੀਤਾਂ ਨੂੰ ਆਪਣੀ ਆਵਾਜ਼ ਦਿੱਤੀ। ਗ਼ਜ਼ਲਾਂ, ਪੌਪ, ਭਜਨ ਅਤੇ ਫ਼ਿਲਮੀ ਗੀਤ—ਹਰ ਵਿਧਾ ਵਿਚ ਉਸ ਦੀ ਵਿਲੱਖਣ ਪਕੜ ਸੀ।
–
🇮🇳 ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਗ ਪ੍ਰਗਟ ਕੀਤਾ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਨ੍ਹਾਂ ਦੇ ਦੇਹਾਂਤ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਆਪਣੇ ਸ਼ੋਕ ਸੰਦੇਸ਼ ਵਿੱਚ ਉਨ੍ਹਾਂ ਕਿਹਾ ਕਿ ਆਸ਼ਾ ਭੌਂਸਲੇ ਦੀ ਆਵਾਜ਼ ਨੇ ਭਾਰਤੀ ਸੰਗੀਤ ਨੂੰ ਨਵੀਆਂ ਬੁਲੰਦੀਆਂ ‘ਤੇ ਪਹੁੰਚਾਇਆ ਹੈ।
ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਯੋਗਦਾਨ ਅਨਮੋਲ ਹੈ ਅਤੇ ਆਉਣ ਵਾਲੀਆਂ ਪੀੜ੍ਹੀਆਂ ਉਨ੍ਹਾਂ ਨੂੰ ਹਮੇਸ਼ਾ ਯਾਦ ਰੱਖਣਗੀਆਂ। ਇਹ ਭਾਰਤੀ ਸੰਗੀਤ ਜਗਤ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਹੈ।
–
🙏 ਸੰਗੀਤ ਜਗਤ ਵਿੱਚ ਸੋਗ ਦੀ ਲਹਿਰ
ਆਸ਼ਾ ਭੌਂਸਲੇ ਦੀ ਮੌਤ ਨਾਲ ਪੂਰੇ ਦੇਸ਼ ਵਿੱਚ ਸੋਗ ਦੀ ਲਹਿਰ ਹੈ। ਉਨ੍ਹਾਂ ਦੇ ਪ੍ਰਸ਼ੰਸਕ ਅਤੇ ਸੰਗੀਤ ਪ੍ਰੇਮੀ ਉਨ੍ਹਾਂ ਨੂੰ ਸੋਸ਼ਲ ਮੀਡੀਆ ‘ਤੇ ਸ਼ਰਧਾਂਜਲੀ ਦੇ ਰਹੇ ਹਨ। ਉਨ੍ਹਾਂ ਦੇ ਗੀਤ ਅਤੇ ਯੋਗਦਾਨ ਆਉਣ ਵਾਲੇ ਸਮੇਂ ਵਿੱਚ ਸੰਗੀਤ ਪ੍ਰੇਮੀਆਂ ਦੇ ਦਿਲਾਂ ਵਿੱਚ ਜ਼ਿੰਦਾ ਰਹਿਣਗੇ।
