*ਸੁਖਬੀਰ ਬਾਦਲ ਦੀਆਂ ਟਿੱਪਣੀਆਂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਮਰਿਆਦਾ ਨੂੰ ਠੇਸ ਪਹੁੰਚਾਈ ਹੈ ਅਤੇ ਪੰਥ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ: ਹਰਜੋਤ ਸਿੰਘ ਬੈਂਸ*
*ਸੁਖਬੀਰ ਬਾਦਲ ਨੇ ਸ੍ਰੀ ਅਕਾਲ ਤਖ਼ਤ ਸਾਹਿਬ ‘ਤੇ ਕੀਤੇ ਸ਼ਬਦੀ ਹਮਲੇ; ਤਖ਼ਤ ਸਾਹਿਬ ਦੇ ਹੁਕਮਾਂ ਨੂੰ ਚੁਣੌਤੀ ਦੇਣ ਵਾਲੇ ਪੰਥ ਦੀ ਨੁਮਾਇੰਦਗੀ ਨਹੀਂ ਕਰ ਸਕਦੇ: ਹਰਜੋਤ ਸਿੰਘ ਬੈਂਸ*
* ਸ੍ਰੀ ਅਕਾਲ ਤਖ਼ਤ ਸਾਹਿਬ ਪੰਥ ਦਾ ਅਧਿਆਤਮਿਕ ਅਤੇ ਸੰਸਾਰਕ ਕੇਂਦਰ ਹੈ; ਉਥੋਂ ਜਾਰੀ ਹਰ ਫੁਰਮਾਨ ਅਕਾਲ ਪੁਰਖ ਦਾ ਹੁਕਮ ਹੈ ਅਤੇ ਇਸ ‘ਤੇ ਸਵਾਲ ਨਹੀਂ ਉਠਾਏ ਜਾ ਸਕਦੇ: ਹਰਜੋਤ ਸਿੰਘ ਬੈਂਸ*
*ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਸ੍ਰੀ ਅਕਾਲ ਤਖ਼ਤ ਸਾਹਿਬ ‘ਤੇ ਹੋਏ ਹਮਲੇ ਦਾ ਸਖ਼ਤ ਨੋਟਿਸ ਲੈਣ: ਹਰਜੋਤ ਸਿੰਘ ਬੈਂਸ*
*ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸਰਕਾਰ ਨੂੰ ਕਰੈਡਿਟ ਨਾ ਦੇ ਕੇ ਸ੍ਰੀ ਅਨੰਦਪੁਰ ਸਾਹਿਬ ਹੈਰੀਟੇਜ ਸਟਰੀਟ ਪ੍ਰਾਜੈਕਟ ਨੂੰ ਰੋਕਿਆ : ਹਰਜੋਤ ਸਿੰਘ ਬੈਂਸ*
*ਰਾਜਨੀਤਿਕ ਦਖਲਅੰਦਾਜ਼ੀ ਕਾਰਨ 90 ਫੀਸਦੀ ਸ੍ਰੀ ਆਨੰਦਪੁਰ ਸਾਹਿਬ ਪ੍ਰਾਜੈਕਟ ਪਟੜੀ ਤੋਂ ਉਤਰਿਆ, ਲੋਕ ਯਾਦ ਰੱਖਣਗੇ ਕਿ ਕਿਸਨੇ ਰੋਕਿਆ : ਹਰਜੋਤ ਸਿੰਘ ਬੈਂਸ*
ਚੰਡੀਗੜ੍ਹ, 9 ਅਪ੍ਰੈਲ:
ਪੰਜਾਬ ਦੇ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੇ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ 2 ਦਸੰਬਰ, 2024 ਦੇ ਹੁਕਮਨਾਮਿਆਂ ਬਾਰੇ ਕੀਤੀਆਂ ਟਿੱਪਣੀਆਂ ਦੀ ਆਲੋਚਨਾ ਕਰਦਿਆਂ ਕਿਹਾ ਕਿ ਅਜਿਹੇ ਬਿਆਨ ਸਿੱਖ ਪੰਥ ਦੀ ਸਰਵਉੱਚਤਾ ਨੂੰ ਢਾਹ ਲਾਉਣ ਵਾਲੇ ਹਨ ਅਤੇ ਇਸ ਦੀ ਪਵਿੱਤਰਤਾ ਅਤੇ ਕੌਮ ਦੀਆਂ ਸਮੂਹਿਕ ਭਾਵਨਾਵਾਂ ‘ਤੇ ਸਿੱਧਾ ਹਮਲਾ ਹੈ। ਉਨ੍ਹਾਂ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਪੰਥ ਦਾ ਸਰਵਉੱਚ ਅਧਿਆਤਮਕ ਕੇਂਦਰ ਹੈ ਅਤੇ ਇਸ ਤੋਂ ਜਾਰੀ ਹਰ ਫੁਰਮਾਨ ਅਕਾਲ ਪੁਰਖ ਦਾ ਇਲਾਹੀ ਹੁਕਮ ਹੈ ਅਤੇ ਇਸ ਬਾਰੇ ਕੋਈ ਸਵਾਲ ਨਹੀਂ ਉਠਾਇਆ ਜਾ ਸਕਦਾ। ਉਨ੍ਹਾਂ ਕਿਹਾ ਕਿ ਤਖ਼ਤ ਸਾਹਿਬ ਦੀ ਸ਼ਕਤੀ ਨੂੰ ਚੁਣੌਤੀ ਦੇਣ ਵਾਲੇ ਪੰਥ ਦੀ ਨੁਮਾਇੰਦਗੀ ਦਾ ਦਾਅਵਾ ਨਹੀਂ ਕਰ ਸਕਦੇ।
ਉਨ੍ਹਾਂ ਤੁਰੰਤ ਦਖ਼ਲ ਦੇਣ ਦੀ ਮੰਗ ਕਰਦਿਆਂ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੂੰ ਤਖ਼ਤ ਸਾਹਿਬ ’ਤੇ ਹੋਏ ਇਸ ਹਮਲੇ ਦਾ ਸਖ਼ਤ ਨੋਟਿਸ ਲੈਣ ਦੀ ਅਪੀਲ ਕੀਤੀ। ਇਸੇ ਸਬੰਧ ਵਿੱਚ ਹਰਜੋਤ ਸਿੰਘ ਬੈਂਸ ਨੇ ਧਾਰਮਿਕ ਤੇ ਵਿਰਾਸਤੀ ਮਾਮਲਿਆਂ ਵਿੱਚ ਸਿਆਸੀ ਦਖਲਅੰਦਾਜ਼ੀ ਦਾ ਜ਼ਿਕਰ ਕਰਦਿਆਂ ਕਿਹਾ ਕਿ ਸ਼੍ਰੋਮਣੀ ਕਮੇਟੀ ਨੇ ਸ੍ਰੀ ਆਨੰਦਪੁਰ ਸਾਹਿਬ ਹੈਰੀਟੇਜ ਸਟਰੀਟ ਪ੍ਰਾਜੈਕਟ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸਰਕਾਰ ਨੂੰ ਸਿਹਰਾ ਨਾ ਦੇਣ ਲਈ ਪ੍ਰਾਜੈਕਟ ਦਾ 90 ਫੀਸਦੀ ਹਿੱਸਾ ਬਦਲ ਦਿੱਤਾ ਹੈ। ਉਨ੍ਹਾਂ ਕਿਹਾ ਕਿ ਲੋਕ ਯਾਦ ਰੱਖਣਗੇ ਕਿ ਧਾਰਮਿਕ ਤੇ ਸੱਭਿਆਚਾਰਕ ਮਹੱਤਵ ਵਾਲੇ ਇਸ ਪ੍ਰਾਜੈਕਟ ਨੂੰ ਕਿਸ ਨੇ ਰੋਕਿਆ ਸੀ।
ਉਨ੍ਹਾਂ ਅੱਗੇ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਸਿੱਖ ਪੰਥ ਦਾ ਸਰਵੋਤਮ ਅਧਿਆਤਮਿਕ ਅਤੇ ਦੁਨਿਆਵੀ ਕੇਂਦਰ ਹੈ। ਉਥੋਂ ਜਾਰੀ ਹਰ ਫੁਰਮਾਨ ਰੱਬੀ ਹੁਕਮ ਹੈ ਅਤੇ ਇਸ ਤੋਂ ਕੋਈ ਪੁੱਛਗਿੱਛ ਨਹੀਂ ਕੀਤੀ ਜਾ ਸਕਦੀ।
ਉਨ੍ਹਾਂ ਸਖ਼ਤ ਚੇਤਾਵਨੀ ਦਿੰਦਿਆਂ ਕਿਹਾ ਕਿ ਜੋ ਵੀ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਜਾਰੀ ਹੁਕਮਨਾਮੇ ‘ਤੇ ਸਵਾਲ ਉਠਾਏਗਾ, ਉਹ ਗੁਰੂ ਸਾਹਿਬ ਨੂੰ ਜਵਾਬਦੇਹ ਹੋਵੇਗਾ।
ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੂੰ ਅਪੀਲ ਕਰਦਿਆਂ ਮੰਤਰੀ ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਸੁਖਬੀਰ ਸਿੰਘ ਬਾਦਲ ਨੇ ਸ੍ਰੀ ਅਕਾਲ ਤਖ਼ਤ ਸਾਹਿਬ ‘ਤੇ ਸ਼ਬਦੀ ਹਮਲਾ ਕੀਤਾ ਹੈ। ਇਹ ਸਾਡੇ ਵਿਸ਼ਵਾਸ ‘ਤੇ ਹਮਲਾ ਹੈ। ਕੋਈ ਵੀ ਸਿੱਖ ਜੋ ਅਕਾਲ ਤਖ਼ਤ ਦੇ ਹੁਕਮਨਾਮੇ ਦੀ ਅਵੱਗਿਆ ਕਰਦਾ ਹੈ ਜਾਂ ਇਸ ਦੇ ਅਧਿਕਾਰਾਂ ‘ਤੇ ਸਵਾਲ ਉਠਾਉਂਦਾ ਹੈ, ਉਹ ਸਿੱਖ ਅਖਵਾਉਣ ਦਾ ਹੱਕ ਗੁਆ ਲੈਂਦਾ ਹੈ। ਇਸ ਲਈ ਉਸ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇ।
ਉਨ੍ਹਾਂ ਅੱਗੇ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਵੀ ਸੁਖਬੀਰ ਸਿੰਘ ਬਾਦਲ ਦੇ ਬਿਆਨ ਦੀ ਸਖ਼ਤ ਨਿਖੇਧੀ ਕੀਤੀ ਹੈ ਅਤੇ ਪੰਥ ਨੂੰ ਤਖ਼ਤ ਦੀ ਮਰਿਆਦਾ ‘ਤੇ ਸਵਾਲ ਉਠਾਉਣ ਦੀ ਕਿਸੇ ਵੀ ਕੋਸ਼ਿਸ਼ ਵਿਰੁੱਧ ਇਕਜੁੱਟ ਹੋਣ ਦਾ ਸੱਦਾ ਦਿੱਤਾ ਹੈ।
ਸ੍ਰੀ ਆਨੰਦਪੁਰ ਸਾਹਿਬ ਹੈਰੀਟੇਜ ਸਟਰੀਟ ਪ੍ਰਾਜੈਕਟ ਸਬੰਧੀ ਪੱਤਰਕਾਰਾਂ ਦੇ ਸਵਾਲ ਦੇ ਜਵਾਬ ਵਿੱਚ ਮੰਤਰੀ ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਸ ਡਰੋਂ ਇਸ ਪ੍ਰਾਜੈਕਟ ਨੂੰ ਰੋਕ ਦਿੱਤਾ ਹੈ ਕਿ ਇਸ ਦਾ ਸਿਹਰਾ ਹੋਰਨਾਂ ਨੂੰ ਜਾਵੇਗਾ। ਉਨ੍ਹਾਂ ਅੱਗੇ ਕਿਹਾ ਕਿ ਮੈਨੂੰ ਦੋ ਮਹੀਨਿਆਂ ਲਈ ਸੈਰ ਸਪਾਟਾ ਵਿਭਾਗ ਦਾ ਚਾਰਜ ਦਿੱਤਾ ਗਿਆ ਸੀ। ਉਨ੍ਹਾਂ ਅੱਗੇ ਕਿਹਾ ਕਿ ਅਸੀਂ ਸ੍ਰੀ ਅਨੰਦਪੁਰ ਸਾਹਿਬ ਲਈ ਵਿਰਾਸਤੀ ਗਲੀ ਦਾ ਪ੍ਰਾਜੈਕਟ ਪੂਰੇ ਉਤਸ਼ਾਹ ਨਾਲ ਤਿਆਰ ਕੀਤਾ ਹੈ। ਇਸ ਦੀ ਜਾਂਚ ਸ਼੍ਰੋਮਣੀ ਕਮੇਟੀ ਨੇ ਵੀ ਕੀਤੀ ਸੀ। ਅੱਜ ਵੀ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਸਨਮੁੱਖ ਦੇਵੀ ਸਮੇਤ ਪ੍ਰਾਜੈਕਟ ਦਾ ਮਾਡਲ ਰੱਖਿਆ ਹੋਇਆ ਹੈ।
ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਨੇ ਸਿਆਸੀ ਕਾਰਨਾਂ ਕਰਕੇ ਵਿਰਾਸਤੀ ਸਟਰੀਟ ਪ੍ਰਾਜੈਕਟ ਦਾ 90 ਫੀਸਦੀ ਮੂਲ ਡਿਜ਼ਾਈਨ ਬਦਲ ਦਿੱਤਾ ਕਿਉਂਕਿ ਸ਼੍ਰੋਮਣੀ ਕਮੇਟੀ ਇਸ ਦਾ ਸਿਹਰਾ ਹਰਜੋਤ ਸਿੰਘ ਬੈਂਸ ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜਾਂ ਕਿਸੇ ਹੋਰ ਦੇ ਸਿਰ ਨਹੀਂ ਜਾਣਾ ਚਾਹੁੰਦੀ।
ਉਨ੍ਹਾਂ ਅੱਗੇ ਕਿਹਾ ਕਿ ਇਸੇ ਤਰ੍ਹਾਂ ਦੀ ਡਿਉੜੀ ਪਹਿਲਾਂ ਵੀ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਬਣ ਚੁੱਕੀ ਹੈ। ਫਿਰ 90 ਫੀਸਦੀ ਪ੍ਰਵਾਨਿਤ ਡਿਜ਼ਾਈਨ ਕਿਉਂ ਬਦਲਿਆ ਗਿਆ? ਪਰ ਜਿਵੇਂ ਮੈਂ ਕਿਹਾ ਹੈ ਕਿ ਸ਼੍ਰੋਮਣੀ ਕਮੇਟੀ ਪ੍ਰਧਾਨ ਜਾਂ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦਾ ਜਥੇਦਾਰ ਜੋ ਵੀ ਫੈਸਲਾ ਲੈਂਦਾ ਹੈ, ਉਹ ਸਾਡੇ ਲਈ ਪੰਥ ਦੇ ਹੁਕਮ ਵਾਂਗ ਹੈ। ਉਨ੍ਹਾਂ ਕਿਹਾ ਕਿ ਉਕਤ ਪ੍ਰੋਜੈਕਟ ਨੂੰ ਮੁਕੰਮਲ ਹੁੰਦਾ ਦੇਖਣਾ ਮੇਰੀ ਦਿਲੀ ਇੱਛਾ ਸੀ।
ਉਨ੍ਹਾਂ ਕਿਹਾ ਕਿ ਪ੍ਰਸਤਾਵਿਤ ਲਾਂਘੇ ਦਾ ਮਕਸਦ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਨੂੰ ਗੁਰਦੁਆਰਾ ਸੀਸ ਗੰਜ ਸਾਹਿਬ ਨਾਲ ਜੋੜਨਾ ਹੈ, ਜਿੱਥੇ ਨੌਵੇਂ ਪਾਤਿਸ਼ਾਹ ਦੇ ਪਵਿੱਤਰ ਸੀਸ ਦਾ ਸਸਕਾਰ ਕੀਤਾ ਗਿਆ ਸੀ ਅਤੇ ਜਿੱਥੇ ਗੁਰੂ ਗੋਬਿੰਦ ਸਿੰਘ ਜੀ ਸ੍ਰੀ ਅਨੰਦਪੁਰ ਸਾਹਿਬ ਵਿਖੇ ਆਪਣੇ ਨਿਵਾਸ ਦੌਰਾਨ ਰੋਜ਼ਾਨਾ ਮੱਥਾ ਟੇਕਦੇ ਸਨ। ਸਿੱਖ ਜਥੇਬੰਦੀ ਦੇ ਫੈਸਲੇ ਨੂੰ ਅਸੀਂ ਦਿਲੋਂ ਪ੍ਰਵਾਨ ਕਰਦੇ ਹਾਂ। ਉਨ੍ਹਾਂ ਕਿਹਾ ਕਿ ਹੁਣ ਇਸ ਬਾਰੇ ਫੈਸਲਾ ਸੰਗਤ ਅਤੇ ਸ੍ਰੀ ਆਨੰਦਪੁਰ ਸਾਹਿਬ ਦੀ ਜਨਤਾ ਹੀ ਕਰੇਗੀ। ਉਨ੍ਹਾਂ ਕਿਹਾ ਕਿ ਸਿੱਖ ਕੌਮ ਹਮੇਸ਼ਾ ਯਾਦ ਰੱਖੇਗੀ ਕਿ ਸ਼੍ਰੋਮਣੀ ਕਮੇਟੀ ਨੇ ਅਜਿਹਾ ਨਹੀਂ ਹੋਣ ਦਿੱਤਾ।
ਇਨ੍ਹਾਂ ਤਬਦੀਲੀਆਂ ‘ਤੇ ਨਿਰਾਸ਼ਾ ਜ਼ਾਹਰ ਕੀਤੀ। ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਮੌਜੂਦਾ ਸਮੇਂ ਵਿੱਚ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਪ੍ਰਤੀ ਲੋਕਾਂ ਦਾ ਝੁਕਾਅ ਬਹੁਤ ਜ਼ਿਆਦਾ ਹੈ। ਮੈਂ ਇਸ ਸਬੰਧੀ ਨਗਰ ਕੀਰਤਨ ਲਈ ਪੌੜੀਆਂ, ਲਿਫਟ ਅਤੇ ਖੁੱਲ੍ਹੇ ਰਸਤੇ ਦੀ ਯੋਜਨਾ ਬਣਾਈ ਸੀ। ਅੱਜ ਨਾ ਤਾਂ ਬਜੁਰਗ ਅਤੇ ਨਾ ਹੀ ਬਹੁਤ ਸਾਰੇ ਲੋਕ ਇਸ ਢਲਾਣ ‘ਤੇ ਚੜ੍ਹ ਸਕਦੇ ਹਨ ਪਰ ਸ਼੍ਰੋਮਣੀ ਕਮੇਟੀ ਜੋ ਵੀ ਹੁਕਮ ਦੇਵੇਗੀ, ਅਸੀਂ ਮੰਨਣ ਲਈ ਤਿਆਰ ਹਾਂ। ਉਨ੍ਹਾਂ ਪੁਸ਼ਟੀ ਕੀਤੀ ਕਿ ਇਹ ਪ੍ਰਾਜੈਕਟ ਹੁਣ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਤੋਂ ਗੁਰਦੁਆਰਾ ਸੀਸ ਗੰਜ ਸਾਹਿਬ ਅਤੇ ਕਿਲ੍ਹਾ ਆਨੰਦਗੜ੍ਹ ਸਾਹਿਬ ਤੱਕ ਚਲਾਇਆ ਜਾਵੇਗਾ।
