ਅਮਨ ਅਰੋੜਾ ਨੇ ਉਦਯੋਗ ਅਤੇ ਵਣਜ ਮੰਤਰੀ ਦਾ ਅਹੁਦਾ ਸੰਭਾਲਿਆ –



*• ਪੰਜਾਬ ਨੂੰ ਨਿਵੇਸ਼ ਲਈ ਸਭ ਤੋਂ ਪਸੰਦੀਦਾ ਸਥਾਨ ਬਣਾਉਣਾ ਪ੍ਰਮੁੱਖ ਤਰਜੀਹ: ਅਰੋੜਾ*

*• ਹਰੇਕ ਵਿਸਤਾਰ ਦਾ ਉਦੇਸ਼ ਸਥਾਨਕ ਨੌਜਵਾਨਾਂ ਨੂੰ ਨੌਕਰੀਆਂ ਪ੍ਰਦਾਨ ਕਰਨਾ ਹੈ; ਅਮਨ ਅਰੋੜਾ ਵੱਲੋਂ ਅਧਿਕਾਰੀਆਂ ਨੂੰ ਚੱਲ ਰਹੇ ਉਦਯੋਗਿਕ ਪ੍ਰੋਜੈਕਟਾਂ ਵਿੱਚ ਤੇਜ਼ੀ ਲਿਆਉਣ ਦੇ ਨਿਰਦੇਸ਼*

*ਚੰਡੀਗੜ੍ਹ, 12 ਮਈ:*

ਪੰਜਾਬ ਦੇ ਕੈਬਨਿਟ ਮੰਤਰੀ ਸ਼੍ਰੀ ਅਮਨ ਅਰੋੜਾ ਨੇ ਅੱਜ ਉਦਯੋਗ ਭਵਨ, ਚੰਡੀਗੜ ਵਿਖੇ ਉਦਯੋਗ ਅਤੇ ਵਣਜ ਮੰਤਰੀ ਵਜੋਂ ਅਹੁਦਾ ਸੰਭਾਲ ਲਿਆ।

ਜ਼ਿਕਰਯੋਗ ਹੈ ਕਿ ਸ੍ਰੀ ਅਰੋੜਾ ਪਹਿਲਾਂ ਹੀ ਰੋਜ਼ਗਾਰ ਉਤਪਤੀ, ਹੁਨਰ ਵਿਕਾਸ ਅਤੇ ਸਿਖਲਾਈ, ਨਵੇਂ ਅਤੇ ਨਵਿਆਉਣਯੋਗ ਊਰਜਾ ਸਰੋਤ, ਸੁਸ਼ਾਸਨ ਅਤੇ ਸੂਚਨਾ ਤਕਨਾਲੋਜੀ ਅਤੇ ਪ੍ਰਿੰਟਿੰਗ ਅਤੇ ਸਟੇਸ਼ਨਰੀ ਵਰਗੇ ਪ੍ਰਮੁੱਖ ਵਿਭਾਗਾਂ ਦਾ ਚਾਰਜ ਸੰਭਾਲ ਰਹੇ ਹਨ।

ਅਹੁਦਾ ਸੰਭਾਲਣ ਤੋਂ ਬਾਅਦ ਸ੍ਰੀ ਅਰੋੜਾ ਨੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਅਤੇ ਆਮ ਆਦਮੀ ਪਾਰਟੀ (ਆਪ) ਦੇ ਕੌਮੀ ਕਨਵੀਨਰ ਸ੍ਰੀ ਅਰਵਿੰਦ ਕੇਜਰੀਵਾਲ ਦਾ ਉਨ੍ਹਾਂ ਵਿੱਚ ਵਿਸ਼ਵਾਸ ਜਤਾਉਣ ਲਈ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਮੁੱਖ ਤਰਜੀਹ ਲਾਲ ਫੀਤਾਸ਼ਾਹੀ ਨੂੰ ਖਤਮ ਕਰਕੇ ਟਿਕਾਊ ਉਦਯੋਗਾਂ ਨੂੰ ਬੜ੍ਹਾਵਾ ਦੇ ਕੇ ਪੰਜਾਬ ਨੂੰ ਨਿਵੇਸ਼ ਦਾ ਸਭ ਤੋਂ ਪਸੰਦੀਦਾ ਸਥਾਨ ਬਣਾਉਣਾ ਹੈ ਅਤੇ ਨਾਲ ਹੀ ਹਰ ਉਦਯੋਗਿਕ ਪਸਾਰ ਵਿੱਚ ਸਥਾਨਕ ਲੋਕਾਂ ਲਈ ਨੌਕਰੀਆਂ ਨੂੰ ਯਕੀਨੀ ਬਣਾਉਣਾ ਹੈ। ਇਸ ਦੇ ਨਾਲ ਹੀ ਸੂਬੇ ਵਿੱਚ ਸੁਚਾਰੂ ਅਰਥਚਾਰੇ ਦੀ ਸਿਰਜਣਾ ਲਈ ਉਦਯੋਗਿਕ ਨੀਤੀ, ਕੁਦਰਤੀ ਊਰਜਾ, ਹੁਨਰ ਵਿਕਾਸ ਅਤੇ ਪ੍ਰਸ਼ਾਸਨਿਕ ਸੁਧਾਰਾਂ ਨੂੰ ਆਪਸ ਵਿੱਚ ਜੋੜਿਆ ਗਿਆ ਹੈ।

ਸ੍ਰੀ ਅਮਨ ਅਰੋੜਾ ਨੇ ਕਿਹਾ, “ਮੇਰਾ ਟੀਚਾ ਪੰਜਾਬ ਨੂੰ ‘ਈਜ਼ ਆਫ ਡੂਇੰਗ ਬਿਜ਼ਨਸ’ ਬਣਾ ਕੇ, ਸਾਡੇ ਨੌਜਵਾਨਾਂ ਲਈ ਸਨਮਾਨਜਨਕ ਅਤੇ ਹੁਨਰ ਅਧਾਰਤ ਰੁਜ਼ਗਾਰ ਦੇ ਮੌਕੇ ਪੈਦਾ ਕਰਕੇ ਇੱਕ ਮਾਡਲ ਰਾਜ ਵਜੋਂ ਸਥਾਪਿਤ ਕਰਨਾ ਹੈ।”

ਉਨ੍ਹਾਂ ਅੱਗੇ ਕਿਹਾ ਕਿ ਉਦਯੋਗ ਅਤੇ ਵਣਜ ਹੁਣ ਹੁਨਰ ਵਿਕਾਸ ਅਤੇ ਨਵਿਆਉਣਯੋਗ ਊਰਜਾ ਨਾਲ ਜੁੜੇ ਹੋਏ ਹਨ, ਜਿਸ ਨਾਲ ਸੂਬੇ ਵਿੱਚ ਇੱਕ ਸਰਕੂਲਰ ਅਰਥਚਾਰਾ ਬਣੇਗਾ, ਜਿੱਥੇ ਵਿਕਾਸ, ਕੁਦਰਤੀ ਊਰਜਾ ਅਤੇ ਰੁਜ਼ਗਾਰ ਨਾਲ-ਨਾਲ ਚੱਲਣਗੇ।

ਇਸ ਤੋਂ ਪਹਿਲਾਂ ਸ੍ਰੀ ਅਰੋੜਾ ਦਾ ਉਦਯੋਗ ਭਵਨ ਵਿਖੇ ਪੁੱਜਣ ‘ਤੇ ਉਦਯੋਗ ਤੇ ਵਣਜ ਵਿਭਾਗ ਦੇ ਮੈਨੇਜਿੰਗ ਸਕੱਤਰ ਗੁਰਕੀਰਤ ਕਿਰਪਾਲ ਸਿੰਘ, ਪੰਜਾਬ ਵਿਕਾਸ ਕਮਿਸ਼ਨ ਦੀ ਵਾਈਸ ਚੇਅਰਪਰਸਨ ਸ੍ਰੀਮਤੀ ਸੀਮਾ ਬਾਂਸਲ, ਸੀ.ਈ.ਓ ਇਨਵੈਸਟ ਪੰਜਾਬ ਸ੍ਰੀ ਅਮਿਤ ਢਾਕਾ, ਸਕੱਤਰ ਉਦਯੋਗ ਸ੍ਰੀ ਮਹਿੰਦਰ ਪਾਲ, ਡਾਇਰੈਕਟਰ ਇੰਡਸਟਰੀ ਸ੍ਰੀ ਜਸਪ੍ਰੀਤ ਸਿੰਘ, ਪੰਜਾਬ ਇਨਟੈਕ ਦੇ ਐਮ.ਡੀ. ਐਚ.ਐਸ ਬਰਾੜ, ਪੀ.ਐਸ.ਆਈ.ਡੀ.ਸੀ ਦੇ ਐਮ.ਡੀ ਸ੍ਰੀ ਹਰਪ੍ਰੀਤ ਸਿੰਘ ਸੂਦਨ, ਪੰਜਾਬ ਵਿੱਤ ਨਿਗਮ ਦੇ ਐਮ.ਡੀ. ਸ੍ਰੀਮਤੀ ਸੇਨੂੰ ਦੁੱਗਲ ਨੇ ਨਿੱਘਾ ਸਵਾਗਤ ਕੀਤਾ।

ਸ੍ਰੀ ਅਮਨ ਅਰੋੜਾ ਨੇ ਵਿਭਾਗ ਦੇ ਸੀਨੀਅਰ ਅਧਿਕਾਰੀਆਂ ਨਾਲ ਸਮੀਖਿਆ ਮੀਟਿੰਗ ਵੀ ਕੀਤੀ ਅਤੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਸੂਬੇ ਵਿੱਚ ਚੱਲ ਰਹੇ ਉਦਯੋਗਿਕ ਪ੍ਰੋਜੈਕਟਾਂ ਵਿੱਚ ਤੇਜ਼ੀ ਲਿਆਂਦੀ ਜਾਵੇ ਅਤੇ ਸੂਬੇ ਵਿੱਚ ਹੋਰ ਨਿਵੇਸ਼ ਲਿਆਉਣ ਲਈ ਯਤਨ ਤੇਜ਼ ਕੀਤੇ ਜਾਣ।

Leave a Comment

Your email address will not be published. Required fields are marked *

Scroll to Top