ਵਿਜੀਲੈਂਸ ਨੇ 15000 ਰੁਪਏ ਦੀ ਰਿਸ਼ਵਤ ਲੈਂਦਿਆਂ ਬੀਡੀਪੀਓ ਰੰਗੇ ਹੱਥੀਂ ਕਾਬੂ ਕੀਤਾ


ਚੰਡੀਗੜ੍ਹ: ਪੰਜਾਬ ਵਿਜੀਲੈਂਸ ਬਿਊਰੋ ਨੇ ਸੂਬੇ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਚਲਾਈ ਜਾ ਰਹੀ ਮੁਹਿੰਮ ਦੌਰਾਨ ਬਲਾਕ ਵਿਕਾਸ ਪੰਚਾਇਤ ਅਫਸਰ ਸੁਖਜੀਤ ਕੌਰ ਨੂੰ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਹੈ।

ਅੱਜ ਇੱਥੇ ਇਹ ਜਾਣਕਾਰੀ ਦਿੰਦਿਆਂ ਰਾਜ ਵਿਜੀਲੈਂਸ ਬਿਓਰੋ ਦੇ ਬੁਲਾਰੇ ਨੇ ਦੱਸਿਆ ਕਿ ਉਕਤ ਦੋਸ਼ੀ ਅਧਿਕਾਰੀ ਨੂੰ ਪਿੰਡ ਸੋਹੀਆਂ, ਜਿਲਾ ਲੁਧਿਆਣਾ ਦੇ ਵਸਨੀਕ ਵੱਲੋਂ ਦਰਜ ਕਰਵਾਈ ਸ਼ਿਕਾਇਤ ਦੇ ਅਧਾਰ ‘ਤੇ ਗ੍ਰਿਫਤਾਰ ਕੀਤਾ ਗਿਆ ਹੈ। ਸ਼ਿਕਾਇਤਕਰਤਾ ਨੇ ਦੋਸ਼ ਲਾਇਆ ਕਿ ਪਿੰਡ ਸੋਹੀਆਂ ਵਿਖੇ ਮਤਾ ਪਾਸ ਕਰਕੇ ਗਲੀ ਵਿੱਚ ਇੰਟਰਲਾਕ ਟਾਈਲਾਂ ਅਤੇ ਨਾਲੇ ਦਾ ਕੰਮ ਕਰਵਾਇਆ ਗਿਆ ਹੈ। ਇਸ ਸਬੰਧੀ ਸ਼ਿਕਾਇਤਕਰਤਾ ਨੇ ਬਲਾਕ ਮਲੂਦ ਦੇ ਬੀ.ਡੀ.ਪੀ.ਓ. ਸੁਖਜੀਤ ਕੌਰ ਤੱਕ ਪਹੁੰਚ ਕੀਤੀ ਗਈ, ਪਰ ਉਸ ਨੇ ਬਿੱਲ ਪਾਸ ਕਰਨ ਦੀ ਬਜਾਏ 15000 ਰੁਪਏ ਰਿਸ਼ਵਤ ਦੀ ਮੰਗ ਕੀਤੀ।ਸ਼ਿਕਾਇਤਕਰਤਾ ਨੂੰ ਮੌਕੇ ‘ਤੇ ਹੀ ਦੋਸ਼ੀ ਅਧਿਕਾਰੀ ਨੂੰ 5,000 ਰੁਪਏ ਰਿਸ਼ਵਤ ਵਜੋਂ ਦੇਣ ਲਈ ਮਜਬੂਰ ਕੀਤਾ ਗਿਆ ਅਤੇ ਬੀਡੀਪੀਓ ਨੂੰ ਬਕਾਇਆ 10,000 ਰੁਪਏ ਜਲਦੀ ਤੋਂ ਜਲਦੀ ਅਦਾ ਕਰਨ ਦੀ ਤਾਕੀਦ ਕੀਤੀ ਗਈ।

ਉਨ੍ਹਾਂ ਅੱਗੇ ਕਿਹਾ ਕਿ ਕਾਰਜਕਾਰੀ ਇੰਜਨੀਅਰ ਲੁਧਿਆਣਾ ਵੱਲੋਂ ਬੀਡੀਪੀਓ ਮਲੌਦ ਨੂੰ ਪੱਤਰ ਜਾਰੀ ਕੀਤਾ ਗਿਆ ਸੀ ਕਿ ਪਿੰਡ ਸੋਹੀਆਂ ਵਿੱਚ ਖੇਡ ਮੈਦਾਨ ਦਾ ਉਦਘਾਟਨ ਕੀਤਾ ਜਾਣਾ ਹੈ, ਇਸ ਲਈ 2 ਦਿਨਾਂ ਦੇ ਅੰਦਰ-ਅੰਦਰ ਗ੍ਰਾਮ ਪੰਚਾਇਤ ਵੱਲੋਂ ਆਪਣੇ ਪੱਧਰ ’ਤੇ ਜ਼ਮੀਨ ਨੂੰ ਪੱਧਰਾ ਕਰਵਾਇਆ ਜਾਵੇ। ਇਸ ਸਬੰਧੀ ਗ੍ਰਾਮ ਪੰਚਾਇਤ ਸੋਹੀਆਂ ਨੇ ਆਪਣੇ ਖਰਚੇ ’ਤੇ ਖੇਡ ਮੈਦਾਨ ਨੂੰ ਪੱਧਰਾ ਕਰਵਾਇਆ।

ਬੁਲਾਰੇ ਨੇ ਦੱਸਿਆ ਕਿ ਸ਼ਿਕਾਇਤਕਰਤਾ ਨੇ ਦੋਸ਼ੀ ਬੀਡੀਪੀਓ ਸੁਖਜੀਤ ਕੌਰ ਨੂੰ ਮਿਲ ਕੇ ਖੇਡ ਮੈਦਾਨ ਨੂੰ ਲੈਵਲ ਕਰਨ ਅਤੇ ਜ਼ਮੀਨ ਵਿੱਚ ਘਾਹ/ਬੂਟੇ ਲਗਾਉਣ ਦਾ ਬਿੱਲ ਪਾਸ ਕਰਵਾਉਣ ਦੀ ਗੱਲ ਕੀਤੀ ਤਾਂ ਦੋਸ਼ੀ ਬੀਡੀਪੀਓ ਨੇ ਜ਼ਮੀਨ ਨੂੰ ਲੈਵਲ ਕਰਨ ਅਤੇ ਜ਼ਮੀਨ ਵਿੱਚ ਘਾਹ/ਬੂਟੇ ਲਗਾਉਣ ਦਾ ਬਿੱਲ ਪਾਸ ਕਰਨ ਬਦਲੇ 15000 ਰੁਪਏ ਰਿਸ਼ਵਤ ਦੀ ਮੰਗ ਕੀਤੀ। ਇਸ ਸਬੰਧੀ ਸ਼ਿਕਾਇਤਕਰਤਾ ਨੇ ਰਿਸ਼ਵਤ ਮੰਗਣ ਦੀ ਸਾਰੀ ਗੱਲਬਾਤ ਰਿਕਾਰਡ ਕਰ ਲਈ ਸੀ।

ਨਜਾਇਜ਼ ਰਿਸ਼ਵਤ ਦੇਣ ਤੋਂ ਇਨਕਾਰ ਕਰਦਿਆਂ ਸ਼ਿਕਾਇਤਕਰਤਾ ਨੇ ਵਿਜੀਲੈਂਸ ਬਿਊਰੋ ਯੂਨਿਟ, ਲੁਧਿਆਣਾ ਕੋਲ ਪਹੁੰਚ ਕੀਤੀ। ਸ਼ਿਕਾਇਤਕਰਤਾ ਦੀ ਸ਼ਿਕਾਇਤ ‘ਤੇ ਮੁੱਢਲੀ ਪੜਤਾਲ ਕਰਨ ਉਪਰੰਤ ਵਿਜੀਲੈਂਸ ਬਿਊਰੋ ਦੀ ਟੀਮ ਨੇ ਦੋਸ਼ੀ ਬੀ.ਡੀ.ਪੀ.ਓ. ਨੂੰ ਦੋ ਸਰਕਾਰੀ ਗਵਾਹਾਂ ਦੀ ਹਾਜਰੀ ਵਿੱਚ ਸ਼ਿਕਾਇਤਕਰਤਾ ਪਾਸੋਂ 15,000 ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕਰ ਲਿਆ।

ਇਸ ਸਬੰਧੀ ਮੁਲਜ਼ਮਾਂ ਖ਼ਿਲਾਫ਼ ਵਿਜੀਲੈਂਸ ਬਿਓਰੋ ਦੇ ਥਾਣਾ ਲੁਧਿਆਣਾ ਵਿਖੇ ਭ੍ਰਿਸ਼ਟਾਚਾਰ ਰੋਕੂ ਐਕਟ ਤਹਿਤ ਮੁਕੱਦਮਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Leave a Comment

Your email address will not be published. Required fields are marked *

Scroll to Top