ਭਾਰਤੀ ਜਨਤਾ ਪਾਰਟੀ ਨੇ ਪੱਛਮੀ ਬੰਗਾਲ ਅਤੇ ਅਸਾਮ ਵਿੱਚ ਨਵੀਆਂ ਸਰਕਾਰਾਂ ਦੇ ਗਠਨ ਲਈ ਅਬਜ਼ਰਵਰ ਨਿਯੁਕਤ ਕੀਤੇ ਹਨ। ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਉੜੀਸਾ ਦੇ ਮੁੱਖ ਮੰਤਰੀ ਮੋਹਨ ਚਰਨ ਮਾਂਝੀ ਨੂੰ ਪੱਛਮੀ ਬੰਗਾਲ ਲਈ ਅਬਜ਼ਰਵਰ ਨਿਯੁਕਤ ਕੀਤਾ ਗਿਆ ਹੈ।
ਜੇਪੀ ਨੱਡਾ ਅਤੇ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਆਸਾਮ ਲਈ ਅਬਜ਼ਰਵਰ ਹੋਣਗੇ। ਅਮਿਤ ਸ਼ਾਹ ਅਗਲੇ 2-3 ਦਿਨਾਂ ‘ਚ ਕੋਲਕਾਤਾ ਦਾ ਦੌਰਾ ਕਰਨਗੇ ਅਤੇ ਵਿਧਾਇਕਾਂ ਨਾਲ ਗੱਲਬਾਤ ਕਰਨਗੇ।
ਪੱਛਮੀ ਬੰਗਾਲ ਵਿੱਚ ਨਵੀਂ ਸਰਕਾਰ ਦਾ ਸਹੁੰ ਚੁੱਕ ਸਮਾਗਮ 9 ਮਈ ਨੂੰ ਹੋਵੇਗਾ।ਇਸ ਤੋਂ ਪਹਿਲਾਂ ਰਾਬਿੰਦਰਨਾਥ ਟੈਗੋਰ ਦੇ ਜਨਮ ਦਿਨ ਯਾਨੀ 7 ਮਈ ਨੂੰ ਸਹੁੰ ਚੁੱਕਣ ਦੀ ਚਰਚਾ ਸੀ।ਪੱਛਮੀ ਬੰਗਾਲ ਵਿੱਚ ਭਾਜਪਾ ਨੇ ਵੱਡੀ ਜਿੱਤ ਹਾਸਲ ਕੀਤੀ ਹੈ। ਪਾਰਟੀ ਨੇ 206 ਸੀਟਾਂ ਜਿੱਤੀਆਂ ਹਨ, ਜਦਕਿ ਟੀਐਮਸੀ ਨੇ 82 ਸੀਟਾਂ ਜਿੱਤੀਆਂ ਹਨ।
ਪੱਛਮੀ ਬੰਗਾਲ ਵਿੱਚ ਮੁੱਖ ਮੰਤਰੀ ਅਹੁਦੇ ਦੀ ਦੌੜ ਵਿੱਚ ਸੁਵੇਂਦੂ ਅਧਿਕਾਰੀ ਸਭ ਤੋਂ ਅੱਗੇ ਹਨ। ਮਮਤਾ ਬੈਨਰਜੀ 15 ਸਾਲ ਸੂਬੇ ਦੀ ਮੁੱਖ ਮੰਤਰੀ ਰਹੀ। ਇਸ ਲਈ ਬਹਿਸ ਇਹ ਹੈ ਕਿ ਭਾਜਪਾ ਮਿੱਟੀ ਦੇ ਪੁੱਤਰ ਸੁਵੇਂਦੂ ਅਧਿਕਾਰੀ ‘ਤੇ ਦਾਅ ਲਗਾਵੇਗੀ ਜਾਂ ਕਿਸੇ ਔਰਤ ਨੂੰ ਮੈਦਾਨ ‘ਚ ਉਤਾਰੇਗੀ।
ਇੱਕ ਮਹਿਲਾ ਮੁੱਖ ਮੰਤਰੀ ਬਾਰੇ ਚਰਚਾ ਨੇ ਕੋਲਕਾਤਾ ਤੋਂ ਲੈ ਕੇ ਦਿੱਲੀ ਤੱਕ ਸਿਆਸਤ ਗਰਮਾ ਦਿੱਤੀ ਹੈ। ਸੁਵੇਂਦੂ ਅਧਿਕਾਰੀ ਤੋਂ ਇਲਾਵਾ ਸੂਬਾ ਪ੍ਰਧਾਨ ਸਮਿਕ ਭੱਟਾਚਾਰੀਆ ਅਤੇ ਭਾਜਪਾ ਦੇ ਸਾਬਕਾ ਪ੍ਰਧਾਨ ਦਿਲੀਪ ਘੋਸ਼ ਸਮੇਤ ਕਈ ਹੋਰ ਨਾਵਾਂ ਦੀ ਵੀ ਚਰਚਾ ਹੋ ਰਹੀ ਹੈ। ਰੂਪਾ ਗਾਂਗੁਲੀ ਅਤੇ ਅਗਨੀਮਿੱਤਰਾ ਪਾਲ ਨੂੰ ਵੀ ਮਹਿਲਾ ਮੁੱਖ ਮੰਤਰੀ ਦੇ ਅਹੁਦੇ ਲਈ ਵਿਚਾਰਿਆ ਜਾ ਰਿਹਾ ਹੈ।
