ਪੰਜਾਬ ਸਰਕਾਰ ਨੇ ਜੰਗ ਪ੍ਰਭਾਵਿਤ ਅਰਬ ਦੇਸ਼ਾਂ ਵਿੱਚ ਫਸੇ ਪੰਜਾਬੀਆਂ ਦੀ ਸੁਰੱਖਿਅਤ ਵਾਪਸੀ ਨੂੰ ਯਕੀਨੀ ਬਣਾਉਣ ਲਈ ਯਤਨ ਤੇਜ਼ ਕਰ ਦਿੱਤੇ ਹਨ। ਮੁੱਖ ਮੰਤਰੀ ਭਗਵੰਤ ਮਾਨ ਨੇ ਕੇਂਦਰੀ ਸ਼ਹਿਰੀ ਹਵਾਬਾਜ਼ੀ ਮੰਤਰੀ ਕੇ. ਰਾਮ ਮੋਹਨ ਨਾਇਡੂ ਨਾਲ ਫ਼ੋਨ ‘ਤੇ ਗੱਲ ਕੀਤੀ ਅਤੇ ਵਿਸ਼ੇਸ਼ ਉਡਾਣਾਂ ਦੀ ਬੇਨਤੀ ਕੀਤੀ। ਇਸ ਦੌਰਾਨ, ਐਨ.ਆਰ.ਆਈ ਮਾਮਲਿਆਂ ਬਾਰੇ ਮੰਤਰੀ ਡਾ. ਰਵਜੋਤ ਸਿੰਘ ਨੇ ਦਿੱਲੀ ਵਿੱਚ ਕੇਂਦਰੀ ਮੰਤਰੀ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੂੰ ਸਥਿਤੀ ਬਾਰੇ ਜਾਣਕਾਰੀ ਦਿੱਤੀ।
ਮੁੱਖ ਮੰਤਰੀ ਨੇ ਵਿਸ਼ਵਾਸ ਪ੍ਰਗਟ ਕੀਤਾ ਕਿ ਸਾਰੇ ਪੰਜਾਬੀ ਜਲਦੀ ਹੀ ਸੁਰੱਖਿਅਤ ਘਰ ਵਾਪਸ ਆ ਜਾਣਗੇ। ਸਹਾਇਤਾ ਲਈ ਐਨ.ਆਰ.ਆਈ ਵਿੰਗ ਦੇ 24×7 ਕੰਟਰੋਲ ਰੂਮ ਨੰਬਰ 0172-2600042, 0172-2600043, ਅਤੇ ਵਟਸਐਪ 94787-79112 ਜਾਰੀ ਕੀਤੇ ਗਏ ਹਨ।
ਮੰਤਰੀ ਰਵਜੋਤ ਨੇ ਕਿਹਾ ਕਿ ਉਡਾਣਾਂ ਦੀ ਗਿਣਤੀ ਘਟਣ ਕਾਰਨ, ਬਹੁਤ ਸਾਰੀਆਂ ਏਅਰਲਾਈਨਾਂ ਕਿਰਾਏ ਵਿੱਚ ਭਾਰੀ ਵਾਧਾ ਕਰ ਰਹੀਆਂ ਹਨ। ਉਨ੍ਹਾਂ ਮੰਗ ਕੀਤੀ ਕਿ ਇਨ੍ਹਾਂ ਰੂਟਾਂ ‘ਤੇ ਕਿਰਾਏ ਨਿਯੰਤਰਣ ਲਾਗੂ ਕੀਤੇ ਜਾਣ ਅਤੇ ਵਿਸ਼ੇਸ਼ ਰਾਹਤ ਉਡਾਣਾਂ ਸ਼ੁਰੂ ਕੀਤੀਆਂ ਜਾਣ। ਕੇਂਦਰੀ ਮੰਤਰੀ ਨੇ ਸੂਬਾ ਸਰਕਾਰ ਨੂੰ ਭਰੋਸਾ ਦਿੱਤਾ ਕਿ ਉਨ੍ਹਾਂ ਦੀਆਂ ਚਿੰਤਾਵਾਂ ਨੂੰ ਪਹਿਲ ਦੇ ਆਧਾਰ ‘ਤੇ ਹੱਲ ਕੀਤਾ ਜਾਵੇਗਾ।



