Punjab Weather Update Rain Alert Latest News Today: ਪੰਜਾਬ ਅਤੇ ਰਾਜਧਾਨੀ ਚੰਡੀਗੜ੍ਹ ਵਿੱਚ ਅਗਲੇ ਦੋ ਦਿਨਾਂ ਦੌਰਾਨ ਮੌਸਮ ਦਾ ਮਿਜ਼ਾਜ ਪੂਰੀ ਤਰ੍ਹਾਂ ਵਿਗੜਨ ਦੀ ਸੰਭਾਵਨਾ ਹੈ। ਮੌਸਮ ਵਿਗਿਆਨ ਕੇਂਦਰ ਚੰਡੀਗੜ੍ਹ ਵੱਲੋਂ 29 ਅਤੇ 30 ਅਕਤੂਬਰ ਲਈ ਵਿਸ਼ੇਸ਼ ਚਿਤਾਵਨੀ ਜਾਰੀ ਕਰਦਿਆਂ ਤੇਜ਼ ਅਸਮਾਨੀ ਗਰਜ, ਬਿਜਲੀ ਚਮਕਣ, ਤੇਜ਼ ਝੱਖੜ ਅਤੇ ਕੁਝ ਥਾਵਾਂ ’ਤੇ ਗੜ੍ਹੇਮਾਰੀ ਦੀ ਪੇਸ਼ੀਨਗੋਈ ਕੀਤੀ ਗਈ ਹੈ। ਹਾਲਾਂਕਿ, 31 ਅਕਤੂਬਰ ਤੋਂ ਮੌਸਮ ਮੁੜ ਸਾਫ਼ ਹੋਣ ਦੇ ਆਸਾਰ ਹਨ।
ਇਹ ਚਿਤਾਵਨੀ ਅਜਿਹੇ ਸਮੇਂ ਸਾਹਮਣੇ ਆਈ ਹੈ ਜਦੋਂ ਪਿਛਲੇ ਕੁਝ ਦਿਨਾਂ ਦੌਰਾਨ ਸੂਬੇ ਭਰ ਵਿੱਚ ਦਿਨ ਵੇਲੇ ਤਾਪਮਾਨ ਵਿੱਚ ਅਚਾਨਕ ਵਾਧਾ ਦਰਜ ਕੀਤਾ ਗਿਆ। ਬੁੱਧਵਾਰ ਦੇ ਮੁਕਾਬਲੇ ਪੰਜਾਬ ਦੇ ਔਸਤ ਵੱਧ ਤੋਂ ਵੱਧ ਤਾਪਮਾਨ ਵਿੱਚ 0.7 ਡਿਗਰੀ ਸੈਲਸੀਅਸ ਦਾ ਵਾਧਾ ਹੋਇਆ, ਜਿਸ ਦੌਰਾਨ ਫ਼ਰੀਦਕੋਟ 36.2 ਡਿਗਰੀ ਸੈਲਸੀਅਸ ਨਾਲ ਸਭ ਤੋਂ ਗਰਮ ਰਿਹਾ। ਚੰਡੀਗੜ੍ਹ ਵਿੱਚ ਵੀ 28 ਅਕਤੂਬਰ ਨੂੰ ਆਮ ਨਾਲੋਂ ਵੱਧ ਗਰਮੀ ਮਹਿਸੂਸ ਕੀਤੀ ਗਈ, ਜਿੱਥੇ ਪਾਰਾ 33 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ—ਜੋ ਇਸ ਮੌਸਮ ਦੇ ਆਮ ਪੱਧਰ ਤੋਂ ਕਰੀਬ 4.2 ਡਿਗਰੀ ਵੱਧ ਸੀ।
ਪੱਛਮੀ ਗੜਬੜੀ ਕਰੇਗੀ ਮੌਸਮ ਪ੍ਰਭਾਵਿਤ
ਮੌਸਮ ਮਾਹਿਰਾਂ ਮੁਤਾਬਕ ਉੱਤਰ-ਪੱਛਮੀ ਭਾਰਤ ਵਿੱਚ ਸਰਗਰਮ ਹੋ ਰਹੀਆਂ ਦੋ ਪੱਛਮੀ ਗੜਬੜੀਆਂ (ਵੈਸਟਰਨ ਡਿਸਟਰਬੈਂਸ) ਇਸ ਬਦਲਾਅ ਦਾ ਮੁੱਖ ਕਾਰਨ ਹਨ। ਜੰਮੂ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ ਕਰੀਬ 3.1 ਤੋਂ 4.5 ਕਿਲੋਮੀਟਰ ਦੀ ਉਚਾਈ ’ਤੇ ਚੱਕਰਵਾਤੀ ਹਵਾਵਾਂ ਦਾ ਘੇਰਾ ਬਣਿਆ ਹੋਇਆ ਹੈ, ਜਦਕਿ ਮੱਧ-ਟ੍ਰੋਪੋਸਫੀਅਰ ਦੀਆਂ ਪੱਛਮੀ ਪੌਣਾਂ ਵਿੱਚ ਇੱਕ ਹੋਰ ਦਬਾਅ ਰੇਖਾ ਸਰਗਰਮ ਹੈ। ਇਹ ਦੋਵੇਂ ਪ੍ਰਣਾਲੀਆਂ ਮਿਲ ਕੇ ਪੰਜਾਬ ਅਤੇ ਚੰਡੀਗੜ੍ਹ ਵਿੱਚ ਬੱਦਲਵਾਈ, ਮੀਂਹ ਅਤੇ ਧੂੜ ਭਰੀਆਂ ਤੇਜ਼ ਹਵਾਵਾਂ ਦਾ ਕਾਰਨ ਬਣਨਗੀਆਂ, ਜਿਸ ਦੌਰਾਨ ਕੁਝ ਇਲਾਕਿਆਂ ਵਿੱਚ ਗੜ੍ਹੇ ਵੀ ਪੈ ਸਕਦੇ ਹਨ।
30 ਅਕਤੂਬਰ ਤੋਂ ਬਾਅਦ ਘਟੇਗੀ ਮੀਂਹ ਦੀ ਸੰਭਾਵਨਾ
ਮੌਸਮ ਵਿਭਾਗ ਦੇ ਤਾਜ਼ਾ ਬੁਲੇਟਿਨ ਅਨੁਸਾਰ 30 ਅਕਤੂਬਰ ਦੀ ਸ਼ਾਮ ਤੋਂ ਬਾਅਦ ਮੀਂਹ ਦੀਆਂ ਗਤੀਵਿਧੀਆਂ ਹੌਲੀ-ਹੌਲੀ ਘਟਣ ਲੱਗਣਗੀਆਂ। 31 ਅਕਤੂਬਰ ਤੋਂ ਲੈ ਕੇ 4 ਨਵੰਬਰ ਦਰਮਿਆਨ ਸੂਬੇ ਵਿੱਚ ਕਿਸੇ ਤਰ੍ਹਾਂ ਦੀ ਮੌਸਮੀ ਚਿਤਾਵਨੀ ਨਹੀਂ ਦਿੱਤੀ ਗਈ ਹੈ। ਅਗਲੇ ਹਫ਼ਤੇ ਦੌਰਾਨ ਜ਼ਿਆਦਾਤਰ ਇਲਾਕਿਆਂ ਵਿੱਚ ਦਿਨ ਦਾ ਪਾਰਾ 30 ਤੋਂ 32 ਡਿਗਰੀ ਸੈਲਸੀਅਸ ਅਤੇ ਕੁਝ ਥਾਵਾਂ ’ਤੇ 32 ਤੋਂ 34 ਡਿਗਰੀ ਸੈਲਸੀਅਸ ਵਿਚਕਾਰ ਬਣੇ ਰਹਿਣ ਦੀ ਸੰਭਾਵਨਾ ਹੈ, ਯਾਨੀ ਦਿਨ ਵੇਲੇ ਹਲਕੀ ਨਿੱਘ ਜਾਰੀ ਰਹੇਗੀ।
ਰਾਤ ਵੇਲੇ ਵਧੇਗੀ ਠੰਢ: ਇਨ੍ਹਾਂ ਜ਼ਿਲ੍ਹਿਆਂ ਵਿੱਚ ਡਿੱਗੇਗਾ ਪਾਰਾ
ਦੂਜੇ ਪਾਸੇ, ਉੱਤਰੀ ਅਤੇ ਉੱਤਰ-ਪੂਰਬੀ ਪੰਜਾਬ ਦੇ ਜ਼ਿਲ੍ਹਿਆਂ ਵਿੱਚ ਰਾਤ ਦੇ ਤਾਪਮਾਨ ਵਿੱਚ ਨੋਟ ਕਰਨ ਯੋਗ ਗਿਰਾਵਟ ਦੇਖਣ ਨੂੰ ਮਿਲੇਗੀ। ਪਠਾਨਕੋਟ, ਅੰਮ੍ਰਿਤਸਰ, ਗੁਰਦਾਸਪੁਰ, ਹੁਸ਼ਿਆਰਪੁਰ, ਨਵਾਂਸ਼ਹਿਰ ਅਤੇ ਰੂਪਨਗਰ ਵਿੱਚ ਘੱਟੋ-ਘੱਟ ਤਾਪਮਾਨ 8 ਤੋਂ 12 ਡਿਗਰੀ ਸੈਲਸੀਅਸ ਦੇ ਵਿਚਕਾਰ ਰਹਿ ਸਕਦਾ ਹੈ। ਬਾਕੀ ਜ਼ਿਲ੍ਹਿਆਂ ਵਿੱਚ ਰਾਤ ਦਾ ਪਾਰਾ 12 ਤੋਂ 14 ਡਿਗਰੀ ਸੈਲਸੀਅਸ ਦਰਮਿਆਨ ਰਹਿਣ ਦਾ ਅਨੁਮਾਨ ਹੈ।
ਮੌਸਮ ਵਿੱਚ ਆਉਣ ਵਾਲੀ ਇਸ ਅਚਾਨਕ ਹਲਚਲ ਅਤੇ ਸੰਭਾਵਿਤ ਗੜ੍ਹੇਮਾਰੀ ਦੇ ਮੱਦੇਨਜ਼ਰ ਖ਼ਾਸ ਕਰਕੇ ਖੇਤੀਬਾੜੀ ਖੇਤਰ ਅਤੇ ਆਮ ਰਾਹਗੀਰਾਂ ਨੂੰ ਸਥਾਨਕ ਮੌਸਮ ਅਪਡੇਟਸ ‘ਤੇ ਨਜ਼ਰ ਰੱਖਣ ਦੀ ਸਲਾਹ ਦਿੱਤੀ ਗਈ ਹੈ।



