Gwalior Temple Accident Death Toll Latest News Today: ਮੱਧ ਪ੍ਰਦੇਸ਼ ਦੇ ਗਵਾਲੀਅਰ ਜ਼ਿਲ੍ਹੇ ਵਿੱਚ ਐਤਵਾਰ ਤੜਕੇ ਇੱਕ ਵੱਡਾ ਹਾਦਸਾ ਵਾਪਰਿਆ, ਜਿੱਥੇ ਸ਼ੀਤਲਾ ਮਾਤਾ ਮੰਦਰ ਮੱਥਾ ਟੇਕਣ ਜਾ ਰਹੇ ਸ਼ਰਧਾਲੂਆਂ ਨੂੰ ਝੋਨੇ ਦੀਆਂ ਬੋਰੀਆਂ ਨਾਲ ਭਰੇ ਇੱਕ ਬੇਕਾਬੂ ਟਰੱਕ ਨੇ ਬੁਰੀ ਤਰ੍ਹਾਂ ਦਰੜ ਦਿੱਤਾ। ਇਸ ਭਿਆਨਕ ਹਾਦਸੇ ਵਿੱਚ ਘੱਟੋ-ਘੱਟ 15 ਸ਼ਰਧਾਲੂਆਂ ਦੀ ਮੌਤ ਹੋ ਗਈ, ਜਦਕਿ 24 ਹੋਰ ਗੰਭੀਰ ਜ਼ਖ਼ਮੀ ਹੋ ਗਏ। ਹਾਦਸਾਗ੍ਰਸਤ ਟਰੱਕ ਪੁਲਿਸ ਨਾਕੇ ਦੇ ਬੈਰੀਕੇਡ ਤੋੜ ਕੇ ਢਲਾਨ ਵਾਲੀ ਸੜਕ ਤੋਂ ਫਿਸਲਦਾ ਹੋਇਆ ਸਿੱਧਾ ਮੰਦਰ ਦੀ ਚਾਰਦੀਵਾਰੀ ਅਤੇ ਮੁੱਖ ਗੇਟ ਨਾਲ ਜਾ ਟਕਰਾਇਆ।
ਪਾਬੰਦੀਸ਼ੁਦਾ ਰੂਟ ’ਤੇ ਵਾਪਰਿਆ ਹਾਦਸਾ
ਇਹ ਹਾਦਸਾ ਦੇਰ ਰਾਤ ਕਰੀਬ 1:30 ਵਜੇ ਛਿਨੌਰ ਰੋਡ ’ਤੇ ਵਾਪਰਿਆ। ਤਿੱਖੀ ਢਲਾਨ ਹੋਣ ਕਾਰਨ ਇਸ ਰਸਤੇ ’ਤੇ ਭਾਰੀ ਵਾਹਨਾਂ ਦੇ ਦਾਖ਼ਲੇ ’ਤੇ ਪੂਰਨ ਪਾਬੰਦੀ ਲਗਾਈ ਹੋਈ ਸੀ। ਨਵਰਾਤਰਿਆਂ ਦੇ ਤਿਉਹਾਰ ਦੌਰਾਨ ਭੀੜ ਨੂੰ ਕੰਟਰੋਲ ਕਰਨ ਲਈ ਪੁਲਿਸ ਚੈੱਕਪੋਸਟ ਵੀ ਬਣਾਈ ਗਈ ਸੀ। ਸੀਨੀਅਰ ਪੁਲਿਸ ਅਧਿਕਾਰੀ ਧਰਮਵੀਰ ਸਿੰਘ ਮੁਤਾਬਕ ਟਰੱਕ ਨੂੰ ਪਹਿਲਾਂ ਰੋਕਿਆ ਗਿਆ ਸੀ, ਪਰ ਚਾਲਕ ਜ਼ਬਰਦਸਤੀ ਬੈਰੀਕੇਡ ਤੋੜ ਕੇ ਵਾਹਨ ਨੂੰ ਅੱਗੇ ਲੈ ਗਿਆ। ਢਲਾਨ ਹੋਣ ਕਾਰਨ ਵਾਹਨ ਚਾਲਕ ਦੇ ਕੰਟਰੋਲ ਤੋਂ ਬਾਹਰ ਹੋ ਗਿਆ ਅਤੇ ਪੈਦਲ ਜਾ ਰਹੇ ਸੰਗਤਾਂ ਦੇ ਜੱਥੇ ਉੱਤੇ ਚੜ੍ਹ ਗਿਆ।
ਸੂਚਨਾ ਮਿਲਦੇ ਹੀ ਪ੍ਰਸ਼ਾਸਨ ਨੇ ਰਾਹਤ ਕਾਰਜ ਸ਼ੁਰੂ ਕਰਦਿਆਂ 39 ਲੋਕਾਂ ਨੂੰ ਹਸਪਤਾਲ ਪਹੁੰਚਾਇਆ, ਜਿੱਥੇ 15 ਵਿਅਕਤੀਆਂ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਪੰਜ ਤੋਂ ਛੇ ਜ਼ਖ਼ਮੀਆਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਡਿਊਟੀ ’ਤੇ ਤਾਇਨਾਤ ਦੋ ਪੁਲਿਸ ਮੁਲਾਜ਼ਮ ਵੀ ਇਸ ਹਾਦਸੇ ਦੀ ਲਪੇਟ ਵਿੱਚ ਆ ਕੇ ਜ਼ਖ਼ਮੀ ਹੋਏ ਹਨ।
ਪ੍ਰਸ਼ਾਸਨ ਨੇ ਜਾਂਚ ਦੇ ਦਿੱਤੇ ਹੁਕਮ
ਗਵਾਲੀਅਰ ਦੀ ਜ਼ਿਲ੍ਹਾ ਮੈਜਿਸਟਰੇਟ (ਡੀਸੀ) ਰੁਚਿਕਾ ਚੌਹਾਨ ਨੇ ਦੱਸਿਆ ਕਿ ਰਾਤ ਵੇਲੇ ਸੂਚਨਾ ਮਿਲਦਿਆਂ ਹੀ ਐਂਬੂਲੈਂਸਾਂ ਤੇ ਬਚਾਅ ਟੀਮਾਂ ਰਵਾਨਾ ਕਰ ਦਿੱਤੀਆਂ ਗਈਆਂ ਸਨ। ਉਨ੍ਹਾਂ ਕਿਹਾ ਕਿ ਜਦੋਂ ਇਸ ਰਸਤੇ ‘ਤੇ ਸੁਰੱਖਿਆ ਪ੍ਰਬੰਧ ਸਨ, ਤਾਂ ਇਹ ਭਾਰੀ ਟਰੱਕ ਪਾਬੰਦੀਸ਼ੁਦਾ ਜ਼ੋਨ ਵਿੱਚ ਕਿਵੇਂ ਦਾਖ਼ਲ ਹੋਇਆ, ਇਸ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਖੇਤਰੀ ਟਰਾਂਸਪੋਰਟ ਦਫ਼ਤਰ (RTO) ਦੀ ਟੀਮ ਨੂੰ ਟਰੱਕ ਦੀ ਮਕੈਨੀਕਲ ਜਾਂਚ ਸੌਂਪੀ ਗਈ ਹੈ ਤਾਂ ਜੋ ਬ੍ਰੇਕ ਫੇਲ੍ਹ ਹੋਣ ਜਾਂ ਕਿਸੇ ਹੋਰ ਤਕਨੀਕੀ ਖ਼ਰਾਬੀ ਦਾ ਪਤਾ ਲਗਾਇਆ ਜਾ ਸਕੇ।
ਮੌਕੇ ’ਤੇ ਮਚੀ ਹਫ਼ੜਾ-ਦਫ਼ੜੀ, ਚਸ਼ਮਦੀਦਾਂ ਨੇ ਬਿਆਨ ਕੀਤਾ ਦਰਦ
ਇੱਕ ਚਸ਼ਮਦੀਦ ਨੇ ਦੱਸਿਆ ਕਿ ਓਵਰਲੋਡ ਟਰੱਕ ਅਚਾਨਕ ਤੇਜ਼ ਰਫ਼ਤਾਰ ਨਾਲ ਆਇਆ ਅਤੇ ਰਾਹ ਵਿੱਚ ਖੜ੍ਹੇ ਲੋਕਾਂ ਤੇ ਛੋਟੀਆਂ ਦੁਕਾਨਾਂ ਨੂੰ ਕੁਚਲਦਾ ਚਲਾ ਗਿਆ। ਕਈਆਂ ਨੇ ਮੌਕੇ ’ਤੇ ਹੀ ਦਮ ਤੋੜ ਦਿੱਤਾ। ਚਸ਼ਮਦੀਦ ਅਨੁਸਾਰ ਉਸ ਦਾ ਆਪਣਾ ਭਰਾ ਵੀ ਇਸ ਹਾਦਸੇ ਵਿੱਚ ਜ਼ਖ਼ਮੀ ਹੋਇਆ ਹੈ। ਘਟਨਾ ਤੋਂ ਤੁਰੰਤ ਬਾਅਦ ਪੂਰੇ ਇਲਾਕੇ ਵਿੱਚ ਚੀਕ-ਚਿਹਾੜਾ ਪੈ ਗਿਆ ਅਤੇ ਸਥਾਨਕ ਲੋਕਾਂ ਨੇ ਮਲਬੇ ਹੇਠੋਂ ਜ਼ਖ਼ਮੀਆਂ ਨੂੰ ਕੱਢਣ ਵਿੱਚ ਮਦਦ ਕੀਤੀ।
ਪੋਸਟਮਾਰਟਮ ਹਾਊਸ ਬਾਹਰ ਪਰਿਵਾਰਾਂ ਦਾ ਰੋਸ
ਮ੍ਰਿਤਕਾਂ ਦੀਆਂ ਦੇਹਾਂ ਪੋਸਟਮਾਰਟਮ ਲਈ ਲਿਆਂਦੇ ਜਾਣ ਮਗਰੋਂ ਪਰਿਵਾਰਕ ਮੈਂਬਰਾਂ ਦਾ ਗੁੱਸਾ ਭੜਕ ਗਿਆ। ਪੀੜਤ ਪਰਿਵਾਰਾਂ ਨੇ ਪੁਲਿਸ ਅਤੇ ਸਥਾਨਕ ਪ੍ਰਸ਼ਾਸਨ ‘ਤੇ ਲਾਪਰਵਾਹੀ ਦੇ ਦੋਸ਼ ਲਾਉਂਦਿਆਂ ਸਵਾਲ ਚੁੱਕੇ ਕਿ ਪਾਬੰਦੀ ਦੇ ਬਾਵਜੂਦ ਇੰਨੇ ਵੱਡੇ ਵਾਹਨ ਨੂੰ ਭੀੜ ਵਾਲੇ ਰਸਤੇ ‘ਤੇ ਆਉਣ ਕਿਉਂ ਦਿੱਤਾ ਗਿਆ। ਤਣਾਅਪੂਰਨ ਹਾਲਾਤ ਨੂੰ ਵੇਖਦਿਆਂ ਹਸਪਤਾਲ ਕੰਪਲੈਕਸ ਵਿੱਚ ਵਾਧੂ ਪੁਲਿਸ ਫੋਰਸ ਤਾਇਨਾਤ ਕਰਨੀ ਪਈ।
ਧਾਰਮਿਕ ਅਸਥਾਨਾਂ ਦੇ ਰੂਟਾਂ ’ਤੇ ਟਰੈਫ਼ਿਕ ਪ੍ਰਬੰਧਾਂ ਵਿੱਚ ਹੋਈ ਇਸ ਵੱਡੀ ਕੁਤਾਹੀ ਨੇ ਸੁਰੱਖਿਆ ਦਾਅਵਿਆਂ ਦੀ ਪੋਲ ਖੋਲ੍ਹ ਦਿੱਤੀ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਮਕੈਨੀਕਲ ਜਾਂਚ ਅਤੇ ਪੁਲਿਸ ਪੜਤਾਲ ਪੂਰੀ ਹੋਣ ਤੋਂ ਬਾਅਦ ਲਾਪਰਵਾਹੀ ਲਈ ਜ਼ਿੰਮੇਵਾਰ ਵਿਅਕਤੀਆਂ ਵਿਰੁੱਧ ਸਖ਼ਤ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।



