Double success for Amritsar Rural Police in ASI killing case and seizure of heroin and opium: ਅੰਮ੍ਰਿਤਸਰ ਦਿਹਾਤੀ ਪੁਲਿਸ ਨੇ ਸਰਹੱਦੀ ਖੇਤਰ ਵਿੱਚ ਅਮਨ-ਕਾਨੂੰਨ ਨੂੰ ਚੁਣੌਤੀ ਦੇਣ ਵਾਲੇ ਅਨਸਰਾਂ ਅਤੇ ਨਸ਼ਾ ਤਸਕਰਾਂ ਖ਼ਿਲਾਫ਼ ਵਿੱਢੀ ਮੁਹਿੰਮ ਤਹਿਤ ਦੋ ਵੱਡੀਆਂ ਸਫ਼ਲਤਾਵਾਂ ਹਾਸਲ ਕੀਤੀਆਂ ਹਨ। ਪੁਲਿਸ ਨੇ ਜਿੱਥੇ ਏਐੱਸਆਈ ਜਸਵੰਤ ਸਿੰਘ ‘ਤੇ ਪੈਟਰੋਲ ਬੰਬ ਸੁੱਟਣ ਦੇ ਮਾਮਲੇ ਵਿੱਚ ਮੁੱਖ ਸਾਜ਼ਿਸ਼ਘੜਤੇ ਗੁਰਵਿੰਦਰ ਨੂੰ ਗ੍ਰਿਫ਼ਤਾਰ ਕਰਨ ਵਿੱਚ ਕਾਮਯਾਬੀ ਹਾਸਲ ਕੀਤੀ ਹੈ, ਉੱਥੇ ਹੀ ਨਾਕਾਬੰਦੀ ਦੌਰਾਨ ਸਰਹੱਦ ਪਾਰੋਂ ਡਰੋਨ ਰਾਹੀਂ ਸੁੱਟੀ ਗਈ ਲੱਖਾਂ ਰੁਪਏ ਮੁੱਲ ਦੀ ਹੈਰੋਇਨ ਅਤੇ ਅਫ਼ੀਮ ਬਰਾਮਦ ਕੀਤੀ ਹੈ।
ਪੈਟਰੋਲ ਬੰਬ ਹਮਲੇ ਦਾ ਮੁੱਖ ਸੰਚਾਲਕ ਗ੍ਰਿਫ਼ਤਾਰ
ਐੱਸਐੱਸਪੀ ਦਿਹਾਤੀ ਕੰਵਲਪ੍ਰੀਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੁਲਿਸ ਮੁਲਾਜ਼ਮ ਏਐੱਸਆਈ ਜਸਵੰਤ ਸਿੰਘ ’ਤੇ ਹੋਏ ਪੈਟਰੋਲ ਬੰਬ ਹਮਲੇ ਪਿੱਛੇ ਗੁਰਵਿੰਦਰ ਨਾਂ ਦਾ ਸ਼ਖ਼ਸ ਮੁੱਖ ਸਰਗਨਾ ਵਜੋਂ ਕੰਮ ਕਰ ਰਿਹਾ ਸੀ। ਉਹ ਨੌਜਵਾਨਾਂ ਨੂੰ ਗੁਮਰਾਹ ਕਰਕੇ ਅਪਰਾਧਿਕ ਰਾਹ ‘ਤੇ ਧੱਕਦਾ ਸੀ ਅਤੇ ਉਨ੍ਹਾਂ ਨੂੰ ਪਿਸਤੌਲਾਂ ਸਮੇਤ ਹੋਰ ਹਥਿਆਰ ਮੁਹੱਈਆ ਕਰਵਾਉਂਦਾ ਸੀ। ਪੁਲਿਸ ਕੋਲ ਉਸ ਵਿਰੁੱਧ ਪੁਖ਼ਤਾ ਤਕਨੀਕੀ ਸਬੂਤ ਮੌਜੂਦ ਸਨ, ਪਰ ਉਹ ਪੁਲਿਸ ਨੂੰ ਚਕਮਾ ਦੇਣ ਲਈ ਵਾਰ-ਵਾਰ ਆਪਣੇ ਟਿਕਾਣੇ ਬਦਲ ਰਿਹਾ ਸੀ। ਆਖ਼ਰਕਾਰ ਪੁਲਿਸ ਟੀਮਾਂ ਨੇ ਮੁਸਤੈਦੀ ਨਾਲ ਕਾਰਵਾਈ ਕਰਦਿਆਂ ਉਸ ਨੂੰ ਧਰ ਦਬੋਚਿਆ।
ਐੱਸਐੱਸਪੀ ਅਨੁਸਾਰ ਇਸ ਪੂਰੇ ਗਿਰੋਹ ਦੇ ਦੋ ਮੁੱਖ ਧੁਰੇ ਹਨ—ਗੁਰਵਿੰਦਰ ਅਤੇ ਬਾਦਲਪ੍ਰੀਤ। ਇਹ ਦੋਵੇਂ ਸਥਾਨਕ ਵਸਨੀਕ ਹਨ ਅਤੇ ਬਚਪਨ ਵਿੱਚ ਇੱਕੋ ਸਕੂਲ ਵਿੱਚ ਪੜ੍ਹਦੇ ਰਹੇ ਹਨ। ਬਾਦਲਪ੍ਰੀਤ ਇਸ ਸਮੇਂ ਯੂਰਪ ਵਿੱਚ ਬੈਠਾ ਹੈ ਅਤੇ ਉੱਥੋਂ ਹੀ ਇਸ ਗਿਰੋਹ ਦੀ ਕਮਾਨ ਸੰਭਾਲ ਰਿਹਾ ਸੀ। ਉਨ੍ਹਾਂ ਦਾ ਮੁੱਖ ਮਕਸਦ ਸੂਬੇ ਦੇ ਸ਼ਾਂਤਮਈ ਮਾਹੌਲ ਨੂੰ ਖ਼ਰਾਬ ਕਰਨਾ ਸੀ।
ਡਰੋਨ ਰਾਹੀਂ ਆਈ 7 ਕਿੱਲੋ ਨਸ਼ੀਲੇ ਪਦਾਰਥਾਂ ਦੀ ਖੇਪ ਬਰਾਮਦ
ਇੱਕ ਹੋਰ ਮਾਮਲੇ ਦਾ ਖ਼ੁਲਾਸਾ ਕਰਦਿਆਂ ਜ਼ਿਲ੍ਹਾ ਪੁਲਿਸ ਮੁਖੀ ਨੇ ਦੱਸਿਆ ਕਿ ਗਸ਼ਤ ਅਤੇ ਨਾਕਾਬੰਦੀ ਦੌਰਾਨ ਪੁਲਿਸ ਨੇ ਇੱਕ ਸ਼ੱਕੀ ਵਿਅਕਤੀ ਨੂੰ ਕਾਬੂ ਕਰਕੇ ਉਸ ਕੋਲੋਂ ਪੰਜ ਕਿੱਲੋ ਅਫ਼ੀਮ ਅਤੇ ਲਗਭਗ ਦੋ ਕਿੱਲੋ ਹੈਰੋਇਨ ਬਰਾਮਦ ਕੀਤੀ ਹੈ।
ਮੁੱਢਲੀ ਪੜਤਾਲ ਵਿੱਚ ਸਾਹਮਣੇ ਆਇਆ ਹੈ ਕਿ ਇਹ ਨਸ਼ੇ ਦੀ ਖੇਪ ਸਰਹੱਦ ਪਾਰੋਂ ਪਾਕਿਸਤਾਨੀ ਡਰੋਨ ਰਾਹੀਂ ਭਾਰਤੀ ਖੇਤਰ ਵਿੱਚ ਸੁੱਟੀ ਗਈ ਸੀ। ਇਸ ਮਾਮਲੇ ਵਿੱਚ ਪਿੰਡ ਬਚੀਵਿੰਡ ਦਾ ਰਹਿਣ ਵਾਲਾ ਕੁਲਵੰਤ ਨਾਂ ਦਾ ਦੂਜਾ ਮੁਲਜ਼ਮ ਫ਼ਿਲਹਾਲ ਫ਼ਰਾਰ ਹੈ, ਜਿਸ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਜਲਦ ਹੀ ਉਸ ਨੂੰ ਵੀ ਹਿਰਾਸਤ ਵਿੱਚ ਲੈ ਲਿਆ ਜਾਵੇਗਾ।



