Abhijeet Dipke Detained Ahead of Delhi Jantar Mantar CJP Protest: ਕਾਕਰੋਚ ਜਨਤਾ ਪਾਰਟੀ (ਸੀਜੇਪੀ) ਵੱਲੋਂ ਜੰਤਰ-ਮੰਤਰ ਵਿਖੇ ਉਲੀਕੇ ਗਏ ਰੋਸ ਮੁਜ਼ਾਹਰੇ ਨੂੰ ਲੈ ਕੇ ਚੱਲ ਰਹੀ ਸੁਰੱਖਿਆ ਚੌਕਸੀ ਦਰਮਿਆਨ ਪਾਰਟੀ ਦੇ ਸੰਸਥਾਪਕ ਅਭਿਜੀਤ ਦੀਪਕੇ ਨੂੰ ਦਿੱਲੀ ਪੁਲਿਸ ਨੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ ਉਤਰਦਿਆਂ ਹੀ ਹਿਰਾਸਤ ਵਿੱਚ ਲੈ ਲਿਆ। ਸਾਹਮਣੇ ਆਏ ਵੇਰਵਿਆਂ ਮੁਤਾਬਕ ਜਹਾਜ਼ ਲੈਂਡ ਹੁੰਦੇ ਹੀ ਪੁਲਿਸ ਟੀਮ ਸਿੱਧੀ ਅੰਦਰ ਦਾਖ਼ਲ ਹੋਈ ਅਤੇ ਦੀਪਕੇ ਨੂੰ ਘੇਰ ਲਿਆ।
ਜਹਾਜ਼ ਦੇ ਅੰਦਰ ਪੁਲਿਸ ਅਤੇ ਦੀਪਕੇ ਵਿਚਕਾਰ ਹੋਈ ਤਿੱਖੀ ਬਹਿਸ ਨੇ ਸਭ ਦਾ ਧਿਆਨ ਆਪਣੇ ਵੱਲ ਖਿੱਚਿਆ। ਇਸ ਦੌਰਾਨ ਦੀਪਕੇ ਨੇ ਅਧਿਕਾਰੀਆਂ ਨੂੰ ਚੁਣੌਤੀ ਦਿੰਦਿਆਂ ਕਿਹਾ ਕਿ ਉਹ ਗ੍ਰਿਫ਼ਤਾਰੀ ਦੇਣ ਲਈ ਪੂਰੀ ਤਰ੍ਹਾਂ ਤਿਆਰ ਹੋ ਕੇ ਦਿੱਲੀ ਪਹੁੰਚੇ ਹਨ, ਇਸ ਲਈ ਪੁਲਿਸ ਉਨ੍ਹਾਂ ਨੂੰ ਬਿਨਾਂ ਝਿਜਕ ਗ੍ਰਿਫ਼ਤਾਰ ਕਰ ਲਵੇ। ਹਾਲਾਂਕਿ ਮੌਕੇ ‘ਤੇ ਮੌਜੂਦ ਪੁਲਿਸ ਮੁਲਾਜ਼ਮਾਂ ਨੇ ਸਪੱਸ਼ਟ ਕੀਤਾ ਕਿ ਇਹ ਰਸਮੀ ਗ੍ਰਿਫ਼ਤਾਰੀ ਨਹੀਂ ਹੈ ਅਤੇ ਉਨ੍ਹਾਂ ਨੂੰ ਸਿਰਫ਼ ਸਹਿਯੋਗ ਕਰਨ ਲਈ ਕਿਹਾ ਜਾ ਰਿਹਾ ਹੈ।
ਜਹਾਜ਼ ਅੰਦਰ ਪੁਲਿਸ ਕਾਰਵਾਈ ’ਤੇ ਚੁੱਕੇ ਸਵਾਲ
ਪੁਲਿਸ ਟੀਮ ਨਾਲ ਗੱਲਬਾਤ ਦੌਰਾਨ ਦੀਪਕੇ ਨੇ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਦੌਰ ਦਾ ਜ਼ਿਕਰ ਕਰਦਿਆਂ ਇਸ ਕਾਰਵਾਈ ਨੂੰ ਬੇਮਿਸਾਲ ਕਰਾਰ ਦਿੱਤਾ ਅਤੇ ਸਵਾਲ ਕੀਤਾ ਕਿ ਜਹਾਜ਼ ਅੰਦਰੋਂ ਕਿਸੇ ਆਗੂ ਨੂੰ ਇਸ ਤਰ੍ਹਾਂ ਰੋਕਣਾ ਕਿੱਥੋਂ ਤੱਕ ਜਾਇਜ਼ ਹੈ। ਹਾਲਾਂਕਿ, ਪੁਲਿਸ ਲਗਾਤਾਰ ਇਸ ਨੂੰ ਇਹਤਿਆਤੀ ਕਦਮ ਦੱਸਦੀ ਰਹੀ। ਫ਼ਿਲਹਾਲ ਇਹ ਸਪੱਸ਼ਟ ਨਹੀਂ ਹੋ ਸਕਿਆ ਕਿ ਉਨ੍ਹਾਂ ਨੂੰ ਹਵਾਈ ਅੱਡੇ ਤੋਂ ਬਾਅਦ ਕਿਸੇ ਸੁਰੱਖਿਅਤ ਸਥਾਨ ‘ਤੇ ਲਿਜਾਇਆ ਗਿਆ ਹੈ ਜਾਂ ਰਿਹਾਅ ਕਰ ਦਿੱਤਾ ਗਿਆ ਹੈ।
ਪ੍ਰਦਰਸ਼ਨ ਦੀ ਮਨਜ਼ੂਰੀ ਰੱਦ ਹੋਣ ਮਗਰੋਂ ਸਖ਼ਤੀ
ਇਹ ਪੂਰਾ ਮਾਮਲਾ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਦੇ ਅਸਤੀਫ਼ੇ ਅਤੇ ਵੋਟਰ ਸੂਚੀਆਂ ਦੀ ਵਿਸ਼ੇਸ਼ ਗਹਿਣ ਸੁਧਾਈ (ਐੱਸਆਈਆਰ) ਖ਼ਿਲਾਫ਼ ਜੰਤਰ-ਮੰਤਰ ‘ਤੇ ਹੋਣ ਵਾਲੇ ਧਰਨੇ ਨਾਲ ਜੁੜਿਆ ਹੋਇਆ ਹੈ। ਦਿੱਲੀ ਪੁਲਿਸ ਨੇ ਨਿਯਮਾਂ ਦੀ ਅਣਦੇਖੀ ਅਤੇ ਕਾਨੂੰਨ-ਵਿਵਸਥਾ ਵਿਗੜਨ ਦਾ ਹਵਾਲਾ ਦਿੰਦਿਆਂ ਇਸ ਇਕੱਠ ਨੂੰ ਮਨਜ਼ੂਰੀ ਦੇਣ ਤੋਂ ਇਨਕਾਰ ਕਰ ਦਿੱਤਾ ਸੀ।
ਰਾਜਧਾਨੀ ਦੀਆਂ ਸਰਹੱਦਾਂ, ਰੇਲਵੇ ਸਟੇਸ਼ਨਾਂ ਅਤੇ ਹਵਾਈ ਅੱਡੇ ‘ਤੇ ਪੁਲਿਸ ਵੱਲੋਂ ਤਿੱਖੀ ਨਜ਼ਰ ਰੱਖੀ ਜਾ ਰਹੀ ਹੈ ਤਾਂ ਜੋ ਬਾਹਰੋਂ ਆਉਣ ਵਾਲੇ ਕਾਰਕੁਨਾਂ ਨੂੰ ਸ਼ਹਿਰ ਵਿੱਚ ਇਕੱਠੇ ਹੋਣ ਤੋਂ ਰੋਕਿਆ ਜਾ ਸਕੇ। ਦੀਪਕੇ ਵਿਰੁੱਧ ਕੀਤੀ ਗਈ ਇਹ ਕਾਰਵਾਈ ਵੀ ਇਸੇ ਚੌਕਸੀ ਮੁਹਿੰਮ ਦੀ ਇੱਕ ਕੜੀ ਵਜੋਂ ਦੇਖੀ ਜਾ ਰਹੀ ਹੈ।
ਪੁਲਿਸ ਦੇ ਰਸਮੀ ਪੱਖ ਦੀ ਉਡੀਕ
ਦਿੱਲੀ ਪੁਲਿਸ ਵੱਲੋਂ ਇਸ ਕਾਰਵਾਈ ਦੇ ਕਾਨੂੰਨੀ ਆਧਾਰ ਬਾਰੇ ਅਜੇ ਕੋਈ ਵਿਸਥਾਰਤ ਬਿਆਨ ਜਾਰੀ ਨਹੀਂ ਕੀਤਾ ਗਿਆ ਹੈ। ਕਾਨੂੰਨੀ ਮਾਹਿਰਾਂ ਅਨੁਸਾਰ ਰਸਮੀ ਗ੍ਰਿਫ਼ਤਾਰੀ ਅਤੇ ਇਹਤਿਆਤੀ ਹਿਰਾਸਤ ਵਿਚਕਾਰ ਵੱਡਾ ਫ਼ਰਕ ਹੁੰਦਾ ਹੈ, ਜਿਸ ਕਾਰਨ ਪੁਲਿਸ ਦੇ ਅਧਿਕਾਰਤ ਬਿਆਨ ਤੋਂ ਬਾਅਦ ਹੀ ਦੀਪਕੇ ਦੀ ਕਾਨੂੰਨੀ ਸਥਿਤੀ ਪੂਰੀ ਤਰ੍ਹਾਂ ਸਾਫ਼ ਹੋ ਸਕੇਗੀ। ਓਧਰ, ਜੰਤਰ-ਮੰਤਰ ਅਤੇ ਆਲੇ-ਦੁਆਲੇ ਦੇ ਖੇਤਰਾਂ ਵਿੱਚ ਪ੍ਰਸ਼ਾਸਨ ਨੇ ਸੁਰੱਖਿਆ ਘੇਰਾ ਹੋਰ ਸਖ਼ਤ ਕਰ ਦਿੱਤਾ ਹੈ।



