Kiara Advani ਤੇ Sidharth Malhotra ਦੇ ਘਰ ਦੂਜੀ ਵਾਰ ਗੂੰਜਣਗੀਆਂ ਕਿਲਕਾਰੀਆਂ; ਜੋੜੇ ਨੇ ਤਸਵੀਰ ਸਾਂਝੀ ਕਰਕੇ ਦਿੱਤੀ ਖ਼ੁਸ਼ਖ਼ਬਰੀ

Kiara Advani and Sidharth Malhotra Announce Second Pregnancy Latest News: ਬਾਲੀਵੁੱਡ ਦੇ ਮਕਬੂਲ ਅਦਾਕਾਰ ਸਿਧਾਰਥ ਮਲਹੋਤਰਾ ਅਤੇ ਕਿਆਰਾ ਅਡਵਾਨੀ ਮੁੜ ਮਾਤਾ-ਪਿਤਾ ਬਣਨ ਜਾ ਰਹੇ ਹਨ। ਇਸ ਖ਼ੂਬਸੂਰਤ ਜੋੜੀ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਰਾਹੀਂ ਪ੍ਰਸ਼ੰਸਕਾਂ ਨਾਲ ਖ਼ੁਸ਼ੀ ਸਾਂਝੀ ਕਰਦਿਆਂ ਐਲਾਨ ਕੀਤਾ ਕਿ ਉਨ੍ਹਾਂ ਦੇ ਘਰ ਦੂਜੇ ਬੱਚੇ ਦੀ ਆਮਦ ਹੋਣ ਵਾਲੀ ਹੈ।
ਕਿਸੇ ਲੰਮੇ ਬਿਆਨ ਦੀ ਥਾਂ ਜੋੜੇ ਨੇ ਇੱਕ ਬੇਹੱਦ ਪਿਆਰੀ ਤੇ ਭਾਵੁਕ ਤਸਵੀਰ ਸਾਂਝੀ ਕੀਤੀ। ਤਸਵੀਰ ਵਿੱਚ ਦੋਵਾਂ ਦੇ ਆਪਸ ਵਿੱਚ ਜੁੜੇ ਹੱਥ ਦਿਖਾਈ ਦੇ ਰਹੇ ਹਨ, ਜਦਕਿ ਉਨ੍ਹਾਂ ਦੀ ਨੰਨ੍ਹੀ ਬੱਚੀ ਨੇ ਹੱਥਾਂ ਵਿੱਚ ਛੋਟੇ-ਛੋਟੇ ਜੁਰਾਬਾਂ ਦੇ ਜੋੜੇ ਫੜੇ ਹੋਏ ਹਨ। ਇਸ ਦੇ ਨਾਲ ਹੀ ਉਨ੍ਹਾਂ ਨੇ ਪ੍ਰਮਾਤਮਾ ਦਾ ਸ਼ੁਕਰਾਨਾ ਕਰਦਿਆਂ ਲਿਖਿਆ ਕਿ ਉਹ ਇਸ ਅਨਮੋਲ ਦਾਤ ਲਈ ਦਿਲੋਂ ਧੰਨਵਾਦੀ ਹਨ। ਇਸ ਪੋਸਟ ਦੇ ਸਾਹਮਣੇ ਆਉਂਦੇ ਹੀ ਕਰਨ ਜੌਹਰ ਅਤੇ ਆਥੀਆ ਸ਼ੈੱਟੀ ਸਮੇਤ ਫ਼ਿਲਮ ਇੰਡਸਟਰੀ ਦੀਆਂ ਕਈ ਉੱਘੀਆਂ ਹਸਤੀਆਂ ਨੇ ਜੋੜੇ ਨੂੰ ਵਧਾਈਆਂ ਦਿੱਤੀਆਂ।
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਜਦੋਂ ਕਿਆਰਾ ਨੇ ਆਪਣੀ ਪਹਿਲੀ ਗਰਭਵਤੀ ਹੋਣ ਦੀ ਜਾਣਕਾਰੀ ਦਿੱਤੀ ਸੀ, ਉਦੋਂ ਵੀ ਉਨ੍ਹਾਂ ਨੇ ਅਜਿਹੇ ਹੀ ਨੰਨ੍ਹੇ ਜੁਰਾਬਾਂ ਦੀ ਝਲਕ ਦਿਖਾਈ ਸੀ। ਜੋੜੇ ਨੇ ਬੀਤੇ ਵਰ੍ਹੇ 15 ਜੁਲਾਈ ਨੂੰ ਆਪਣੀ ਪਹਿਲੀ ਧੀ ਦਾ ਸਵਾਗਤ ਕੀਤਾ ਸੀ, ਜਿਸ ਦਾ ਨਾਂ ਉਨ੍ਹਾਂ ਨੇ ‘ਸਰਾਇਆਹ ਮਲਹੋਤਰਾ’ ਰੱਖਿਆ। ਗਰਭ ਅਵਸਥਾ ਦੌਰਾਨ ਕਿਆਰਾ ਕੌਮਾਂਤਰੀ ਪੱਧਰ ਦੇ ‘ਮੈਟ ਗਾਲਾ’ ਸਮਾਗਮ ਦੇ ਰੈੱਡ ਕਾਰਪੇਟ ‘ਤੇ ਵੀ ਖ਼ਾਸ ਅੰਦਾਜ਼ ਵਿੱਚ ਨਜ਼ਰ ਆਈ ਸੀ।
ਦੋਵਾਂ ਦੀ ਪ੍ਰੇਮ ਕਹਾਣੀ ਸਾਲ 2021 ਵਿੱਚ ਆਈ ਹਿੱਟ ਫ਼ਿਲਮ ‘ਸ਼ੇਰਸ਼ਾਹ’ ਦੀ ਸ਼ੂਟਿੰਗ ਦੌਰਾਨ ਸ਼ੁਰੂ ਹੋਈ ਸੀ। ਲੰਮਾ ਸਮਾਂ ਇੱਕ-ਦੂਜੇ ਨੂੰ ਡੇਟ ਕਰਨ ਤੋਂ ਬਾਅਦ ਉਨ੍ਹਾਂ ਨੇ 7 ਫ਼ਰਵਰੀ 2023 ਨੂੰ ਰਾਜਸਥਾਨ ਦੇ ਸ਼ਾਹੀ ਸੂਰਿਆਗੜ੍ਹ ਪੈਲੇਸ ਵਿੱਚ ਵਿਆਹ ਕਰਵਾ ਲਿਆ ਸੀ। ਇੱਕ ਗੱਲਬਾਤ ਦੌਰਾਨ ਕਿਆਰਾ ਨੇ ਦੱਸਿਆ ਸੀ ਕਿ ਰੋਮ ਦੌਰੇ ਵੇਲੇ ਸਿਧਾਰਥ ਨੇ ‘ਸ਼ੇਰਸ਼ਾਹ’ ਫ਼ਿਲਮ ਦੇ ਡਾਇਲਾਗ ਬੋਲ ਕੇ ਹੀ ਉਨ੍ਹਾਂ ਨੂੰ ਵਿਆਹ ਲਈ ਪ੍ਰਪੋਜ਼ ਕੀਤਾ ਸੀ।
ਜੇਕਰ ਕੰਮਕਾਜ ਦੀ ਗੱਲ ਕਰੀਏ ਤਾਂ ਸਿਧਾਰਥ ਹਾਲ ਹੀ ਵਿੱਚ ਫ਼ਿਲਮ ‘ਦ ਵਾਨ’ (The Vvaan) ਵਿੱਚ ਨਜ਼ਰ ਆਏ ਸਨ, ਜਦਕਿ ਕਿਆਰਾ ਸੁਪਰਸਟਾਰ ਯਸ਼ ਦੀ ਬਹੁ-ਚਰਚਿਤ ਫ਼ਿਲਮ ‘ਟਾਕਸਿਕ’ (Toxic) ਵਿੱਚ ਅਹਿਮ ਕਿਰਦਾਰ ਨਿਭਾਉਂਦੀ ਦਿਖੀ ਹੈ। ਹੁਣ ਇਸ ਪਰਿਵਾਰ ਵਿੱਚ ਨਵੇਂ ਜੀਅ ਦੇ ਆਉਣ ਦੀ ਖ਼ਬਰ ਨਾਲ ਉਨ੍ਹਾਂ ਦੇ ਚਾਹੁਣ ਵਾਲਿਆਂ ਵਿੱਚ ਖ਼ੁਸ਼ੀ ਦੀ ਲਹਿਰ ਹੈ।

Leave a Comment

Your email address will not be published. Required fields are marked *

Scroll to Top