Mad Sandhu Death Latest News Today in Punjabi: ਗੁਰੂ ਨਗਰੀ ਅੰਮ੍ਰਿਤਸਰ ਵਿੱਚ ਸ਼ਨੀਵਾਰ ਸ਼ਾਮ ਕਾਨੂੰਨ-ਵਿਵਸਥਾ ਨੂੰ ਚੁਣੌਤੀ ਦਿੰਦੀ ਇੱਕ ਸਨਸਨੀਖੇਜ਼ ਵਾਰਦਾਤ ਸਾਹਮਣੇ ਆਈ ਹੈ, ਜਿੱਥੇ ਪੰਜਾਬੀ ਮਨੋਰੰਜਨ ਜਗਤ ਨਾਲ ਜੁੜੇ ਪ੍ਰਸਿੱਧ ਮੇਕਅੱਪ ਸਟਾਈਲਿਸਟ ਅਤੇ ਡਿਜੀਟਲ ਇਨਫਲੂਐਂਸਰ ਮਧੂਸੂਦਨ, ਜੋ ਸੋਸ਼ਲ ਮੀਡੀਆ ’ਤੇ ‘ਮੈਡ ਸੰਧੂ’ ਦੇ ਨਾਂ ਨਾਲ ਜਾਣੇ ਜਾਂਦੇ ਸਨ, ਨੂੰ ਸ਼ਰੇਆਮ ਨਿਸ਼ਾਨਾ ਬਣਾ ਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ।
ਮਿਲੀ ਜਾਣਕਾਰੀ ਅਨੁਸਾਰ, ਇਹ ਖ਼ੂਨੀ ਕਾਂਡ ਸ਼ਾਮ ਦੇ ਕਰੀਬ 6 ਵਜੇ ਵਾਪਰਿਆ। ਦੱਸਿਆ ਜਾ ਰਿਹਾ ਹੈ ਕਿ ਬਾਈਕ ਸਵਾਰ ਦੋ ਅਣਪਛਾਤੇ ਨੌਜਵਾਨਾਂ ਨੇ ਸੰਧੂ ’ਤੇ ਨਜ਼ਦੀਕ ਤੋਂ ਗੋਲੀਆਂ ਚਲਾਈਆਂ ਅਤੇ ਮੌਕੇ ਤੋਂ ਫ਼ਰਾਰ ਹੋ ਗਏ। ਗੰਭੀਰ ਰੂਪ ਵਿੱਚ ਫੱਟੜ ਹੋਣ ਕਾਰਨ ਸੰਧੂ ਸੜਕ ’ਤੇ ਹੀ ਡਿੱਗ ਪਏ। ਹਾਦਸੇ ਤੋਂ ਤੁਰੰਤ ਬਾਅਦ ਸਥਾਨਕ ਲੋਕਾਂ ਵੱਲੋਂ ਬਣਾਈ ਗਈ ਵੀਡੀਓ ਵੀ ਸੋਸ਼ਲ ਪਲੇਟਫ਼ਾਰਮਾਂ ’ਤੇ ਸਾਹਮਣੇ ਆਈ ਹੈ, ਜਿਸ ਵਿੱਚ ਉਹ ਖ਼ੂਨ ਨਾਲ ਲਥਪਥ ਨਜ਼ਰ ਆ ਰਹੇ ਹਨ। ਉਨ੍ਹਾਂ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ, ਪਰ ਡਾਕਟਰਾਂ ਨੇ ਜਾਂਚ ਉਪਰੰਤ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ।
ਸੀਸੀਟੀਵੀ ਕੈਮਰਿਆਂ ਰਾਹੀਂ ਸ਼ੱਕੀਆਂ ਦੀ ਪੈੜ ਨੱਪ ਰਹੀ ਪੁਲਿਸ
ਘਟਨਾ ਦੀ ਇਤਲਾਹ ਮਿਲਦਿਆਂ ਹੀ ਏਡੀਸੀਪੀ ਸਿਰੀਵੇਨੇਲਾ ਸਮੇਤ ਪੁਲਿਸ ਅਧਿਕਾਰੀ ਫ਼ੋਰੈਂਸਿਕ ਟੀਮ ਨਾਲ ਘਟਨਾ ਸਥਾਨ ’ਤੇ ਪੁੱਜੇ। ਪੁਲਿਸ ਮੁਤਾਬਕ ਵਾਰਦਾਤ ਵਾਲੀ ਥਾਂ ਦੇ ਆਲੇ-ਦੁਆਲੇ ਲੱਗੇ ਨਿਗਰਾਨੀ ਕੈਮਰਿਆਂ ਦੀ ਜਾਂਚ ਕੀਤੀ ਜਾ ਰਹੀ ਹੈ ਤਾਂ ਜੋ ਹਮਲਾਵਰਾਂ ਦੇ ਭੱਜਣ ਦੇ ਰੂਟ ਦਾ ਪਤਾ ਲਗਾਇਆ ਜਾ ਸਕੇ। ਪੁਲਿਸ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਹੱਤਿਆ ਦੇ ਪਿੱਛੇ ਕਿਸੇ ਪੁਰਾਣੀ ਰੰਜਿਸ਼ ਜਾਂ ਹੋਰ ਕਾਰਨਾਂ ਦੀ ਹਰ ਪਹਿਲੂ ਤੋਂ ਪੜਤਾਲ ਕੀਤੀ ਜਾ ਰਹੀ ਹੈ।
ਗਲੈਮਰ ਜਗਤ ਤੋਂ ਲੈ ਕੇ ਬੇਬਾਕ ਸਮਾਜਿਕ ਪਛਾਣ ਤੱਕ ਦਾ ਸਫ਼ਰ
ਮੈਡ ਸੰਧੂ ਨੇ ਪੰਜਾਬ ਅਤੇ ਮੁੰਬਈ ਦੇ ਫ਼ੈਸ਼ਨ ਸਰਕਲ ਵਿੱਚ ਇੱਕ ਹੁਨਰਮੰਦ ਸਟਾਈਲਿਸਟ ਅਤੇ ਕਾਸਟਿਊਮ ਸਹਾਇਕ ਵਜੋਂ ਆਪਣੀ ਵੱਖਰੀ ਪਛਾਣ ਬਣਾਈ ਸੀ। ਪਾਲੀਵੁੱਡ ਵਿੱਚ ਉਨ੍ਹਾਂ ਨੇ ‘ਓਏ ਭੋਲੇ ਓਏ’ ਸਮੇਤ ਕਈ ਫ਼ਿਲਮੀ ਪ੍ਰਾਜੈਕਟਾਂ ਵਿੱਚ ਕੰਮ ਕੀਤਾ। ਇੰਸਟਾਗ੍ਰਾਮ ਅਤੇ ਯੂ-ਟਿਊਬ ਪੌਡਕਾਸਟਾਂ ’ਤੇ ਉਹ ਨਾ ਸਿਰਫ਼ ਮੇਕਅੱਪ ਤੇ ਸੁੰਦਰਤਾ ਦੇ ਸੁਝਾਵਾਂ ਲਈ ਮਸ਼ਹੂਰ ਸਨ, ਸਗੋਂ ਆਪਣੀ ਸਮਲਿੰਗੀ (ਗੇਅ) ਪਛਾਣ ਅਤੇ ਸਮਾਜਿਕ ਰੂੜ੍ਹੀਵਾਦ ਵਿਰੁੱਧ ਖੁੱਲ੍ਹ ਕੇ ਬੋਲਣ ਵਾਲੇ ਇੱਕ ਦਲੇਰ ਚਿਹਰੇ ਵਜੋਂ ਵੀ ਜਾਣੇ ਜਾਂਦੇ ਸਨ।
ਸੋਸ਼ਲ ਮੀਡੀਆ ’ਤੇ ਅਕਸਰ ਮਿਲਣ ਵਾਲੀ ਨਫ਼ਰਤ ਅਤੇ ਟਰੋਲਿੰਗ ਦੀ ਪਰਵਾਹ ਕੀਤੇ ਬਿਨਾਂ ਉਹ ਆਪਣੀ ਨਿੱਜੀ ਜ਼ਿੰਦਗੀ ਨੂੰ ਪੂਰੇ ਆਤਮ-ਵਿਸ਼ਵਾਸ ਨਾਲ ਜਿਊਣ ਦੇ ਹਾਮੀ ਸਨ। ਉਨ੍ਹਾਂ ਦੇ ਅਚਨਚੇਤ ਕਤਲ ਦੀ ਖ਼ਬਰ ਸੁਣਦਿਆਂ ਹੀ ਪੰਜਾਬੀ ਇੰਡਸਟਰੀ, ਕਲਾਕਾਰਾਂ ਅਤੇ ਡਿਜੀਟਲ ਦਰਸ਼ਕਾਂ ਵਿੱਚ ਸੋਗ ਦੀ ਲਹਿਰ ਫੈਲ ਗਈ ਹੈ।



