Banks Strike Postponed Latest News in Punjabi: ਭਾਰਤੀ ਬੈਂਕ ਐਸੋਸੀਏਸ਼ਨ (IBA) ਅਤੇ ਬੈਂਕ ਯੂਨੀਅਨਾਂ ਵਿਚਾਲੇ ਹੋਈ ਅਹਿਮ ਮੀਟਿੰਗ ਤੋਂ ਬਾਅਦ ਕਰਮਚਾਰੀਆਂ ਨੇ ਆਪਣੀ ਤਿੰਨ ਦਿਨਾ ਪ੍ਰਸਤਾਵਿਤ ਹੜਤਾਲ ਫਿਲਹਾਲ ਟਾਲ ਦਿੱਤੀ ਹੈ। ਯੂਨਾਈਟਿਡ ਫੋਰਮ ਆਫ਼ ਬੈਂਕ ਯੂਨੀਅਨਜ਼ (UFBU) ਵੱਲੋਂ ਦਿੱਤੇ ਗਏ ਇਸ ਸੱਦੇ ਦੇ ਟਲਣ ਕਾਰਨ ਹੁਣ ਸੋਮਵਾਰ ਨੂੰ ਸਾਰੇ ਬੈਂਕਾਂ ਵਿੱਚ ਰੋਜ਼ਾਨਾ ਵਾਂਗ ਲੈਣ-ਦੇਣ ਅਤੇ ਕੰਮਕਾਜ ਜਾਰੀ ਰਹੇਗਾ।
ਇਹ ਹੜਤਾਲ ਅਜਿਹੇ ਨਾਜ਼ੁਕ ਮੌਕੇ ਹੋਣ ਜਾ ਰਹੀ ਸੀ ਜਦੋਂ ਬੈਂਕਾਂ ਵਿੱਚ ਛਿਮਾਹੀ ਹਿਸਾਬ-ਕਿਤਾਬ (half-yearly closing) ਦਾ ਜ਼ਰੂਰੀ ਕੰਮ ਚੱਲ ਰਿਹਾ ਹੈ। ਯੂਨੀਅਨਾਂ ਦੀ ਸਭ ਤੋਂ ਮੁੱਖ ਮੰਗ ਹਫ਼ਤੇ ਵਿੱਚ ਪੰਜ ਦਿਨ ਕੰਮ ਕਰਨ ਅਤੇ ਹਰ ਸ਼ਨੀਵਾਰ ਛੁੱਟੀ ਐਲਾਨਣ ਦੀ ਹੈ। ਗੱਲਬਾਤ ਦੌਰਾਨ ਦੋਵੇਂ ਧਿਰਾਂ ਇਸ ਗੱਲ ‘ਤੇ ਸਹਿਮਤ ਹੋਈਆਂ ਹਨ ਕਿ ਇਸ ਮੁੱਦੇ ਦੀ ਘੋਖ ਲਈ ਦੋਵਾਂ ਪਾਸਿਆਂ ਦੇ ਨੁਮਾਇੰਦਿਆਂ ਵਾਲੀ ਇੱਕ ਉੱਚ ਪੱਧਰੀ ਕਮੇਟੀ ਬਣਾਈ ਜਾਵੇਗੀ। ਯੂਐੱਫਬੀਯੂ ਮੁਤਾਬਕ ਇਹ ਕਮੇਟੀ ਗਾਹਕਾਂ ਦੀ ਸਹੂਲਤ ਅਤੇ ਹੋਰ ਸਾਰੇ ਪਹਿਲੂਆਂ ਨੂੰ ਧਿਆਨ ਵਿੱਚ ਰੱਖ ਕੇ ਢੁਕਵਾਂ ਰਾਹ ਲੱਭੇਗੀ।
ਇਸ ਤੋਂ ਇਲਾਵਾ, ਸਕੇਲ-4 ਅਤੇ ਇਸ ਤੋਂ ਉੱਪਰਲੇ ਅਧਿਕਾਰੀਆਂ ਲਈ ਲਾਗੂ ਪਰਫਾਰਮੈਂਸ ਲਿੰਕਡ ਇੰਸੈਂਟਿਵ (PLI) ਸਕੀਮ ਦੀਆਂ ਸ਼ਰਤਾਂ ‘ਤੇ ਵੀ ਮੁੜ ਵਿਚਾਰ ਕਰਨ ਦਾ ਫ਼ੈਸਲਾ ਹੋਇਆ ਹੈ। ਯੂਨੀਅਨਾਂ ਦੇ ਇਤਰਾਜ਼ਾਂ ਮਗਰੋਂ ਆਈਬੀਏ ਲੋੜੀਂਦੇ ਬਦਲਾਅ ਕਰਕੇ ਸਰਕਾਰ ਨੂੰ ਤਜਵੀਜ਼ ਭੇਜੇਗੀ।
ਯੂਐੱਫਬੀਯੂ ਦੇ ਆਗੂਆਂ ਨੇ ਦੱਸਿਆ ਕਿ 8 ਮਾਰਚ 2024 ਦੀ ਬੈਠਕ ਵਿੱਚ ਤੈਅ ਕੀਤੇ ਗਏ ਬਾਕੀ ਰਹਿੰਦੇ ਮਸਲਿਆਂ ਨੂੰ ਵੀ ਜਲਦੀ ਸੁਲਝਾਉਣ ਦਾ ਭਰੋਸਾ ਮਿਲਿਆ ਹੈ। ਇਸੇ ਹਾਂ-ਪੱਖੀ ਰਵੱਈਏ ਨੂੰ ਦੇਖਦਿਆਂ ਸੰਘਰਸ਼ ਨੂੰ ਕੁਝ ਸਮੇਂ ਲਈ ਰੋਕਿਆ ਗਿਆ ਹੈ, ਹਾਲਾਂਕਿ ਬੈਂਕਿੰਗ ਹਫ਼ਤਾ ਪੰਜ ਦਿਨ ਕਰਨ ਸਮੇਤ ਹੋਰ ਮੰਗਾਂ ‘ਤੇ ਗੱਲਬਾਤ ਦਾ ਦੌਰ ਅੱਗੇ ਵੀ ਜਾਰੀ ਰਹੇਗਾ।



