Amritsar Encounter in ASI Murder Case Latest News Today: ਜ਼ਿਲ੍ਹਾ ਦਿਹਾਤੀ ਪੁਲਿਸ ਅਤੇ ਅਪਰਾਧੀਆਂ ਵਿਚਾਲੇ ਪਿੰਡ ਕੰਦੋਵਾਲ ਨੇੜੇ ਹੋਏ ਇੱਕ ਜ਼ਬਰਦਸਤ ਮੁਕਾਬਲੇ ਦੌਰਾਨ ਸਹਾਇਕ ਸਬ-ਇੰਸਪੈਕਟਰ (ASI) ‘ਤੇ ਕਾਤਲਾਨਾ ਹਮਲਾ ਕਰਨ ਦਾ ਲੋੜੀਂਦਾ ਮੁਲਜ਼ਮ ਮਾਰਿਆ ਗਿਆ। ਮ੍ਰਿਤਕ ਦੀ ਸ਼ਨਾਖ਼ਤ 19 ਸਾਲਾ ਕਰਨਬੀਰ ਸਿੰਘ ਉਰਫ਼ ਨੰਦੀ ਵਜੋਂ ਹੋਈ ਹੈ। ਇਸ ਗੋਲੀਬਾਰੀ ਵਿੱਚ ਦੋ ਪੁਲਿਸ ਕਰਮਚਾਰੀ ਵੀ ਜ਼ਖ਼ਮੀ ਹੋਏ ਹਨ।
ਜਾਣਕਾਰੀ ਅਨੁਸਾਰ ਥਾਣਾ ਝੰਡੇਰ ਅਤੇ ਸੀਆਈਏ (CIA) ਸਟਾਫ਼ ਦੀ ਸਾਂਝੀ ਟੀਮ ਨੂੰ ਸੂਹ ਮਿਲੀ ਸੀ ਕਿ ਮੁਲਜ਼ਮ ਇਲਾਕੇ ਵਿੱਚ ਸਰਗਰਮ ਹੈ। ਜਦੋਂ ਪੁਲਿਸ ਟੀਮ ਨੇ ਸੂਏ ਦੇ ਕੰਢੇ ਮੋਟਰਸਾਈਕਲ ‘ਤੇ ਜਾ ਰਹੇ ਕਰਨਬੀਰ ਨੂੰ ਘੇਰਨ ਦੀ ਕੋਸ਼ਿਸ਼ ਕੀਤੀ, ਤਾਂ ਉਸ ਨੇ ਰੁਕਣ ਦੀ ਬਜਾਏ ਪੁਲਿਸ ਪਾਰਟੀ ‘ਤੇ ਸਿੱਧੀਆਂ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਪੁਲਿਸ ਵੱਲੋਂ ਸਵੈ-ਰੱਖਿਆ ਵਿੱਚ ਕੀਤੀ ਜਵਾਬੀ ਫ਼ਾਇਰਿੰਗ ਦੌਰਾਨ ਮੁਲਜ਼ਮ ਦੀ ਛਾਤੀ ਅਤੇ ਲੱਤ ਵਿੱਚ ਗੋਲੀਆਂ ਲੱਗੀਆਂ। ਉਸ ਨੂੰ ਤੁਰੰਤ ਅਜਨਾਲਾ ਦੇ ਸਿਵਲ ਹਸਪਤਾਲ ਲਿਜਾਇਆ ਗਿਆ, ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ।
ਮੁਕਾਬਲੇ ਦੌਰਾਨ ਪੁਲਿਸ ਕਰਮੀਆਂ ਦਾ ਬਚਾਅ
ਇਸ ਦੁਵੱਲੀ ਗੋਲੀਬਾਰੀ ਵਿੱਚ ਹੈੱਡ ਕਾਂਸਟੇਬਲ ਅੰਮ੍ਰਿਤਪਾਲ ਸਿੰਘ ਦੀ ਲੱਤ ‘ਤੇ ਗੋਲੀ ਲੱਗਣ ਕਾਰਨ ਉਹ ਜ਼ਖ਼ਮੀ ਹੋ ਗਏ। ਦੂਜੇ ਪਾਸੇ, ਇੱਕ ਹੋਰ ਹੈੱਡ ਕਾਂਸਟੇਬਲ ਮਨਦੀਪ ਸਿੰਘ ਵੱਲ ਬੁਲੇਟਪਰੂਫ਼ ਜੈਕਟ ਪਾਈ ਹੋਣ ਕਾਰਨ ਉਨ੍ਹਾਂ ਦਾ ਵਾਲ-ਵਾਲ ਬਚਾਅ ਹੋ ਗਿਆ, ਕਿਉਂਕਿ ਗੋਲੀ ਸਿੱਧੀ ਉਨ੍ਹਾਂ ਦੀ ਜੈਕਟ ਵਿੱਚ ਜਾ ਧੱਸੀ।
ਹਿਰਾਸਤ ਵਿੱਚੋਂ ਫ਼ਰਾਰ ਹੋਇਆ ਸੀ ਮੁਲਜ਼ਮ
ਜ਼ਿਕਰਯੋਗ ਹੈ ਕਿ ਭੱਲਾ ਪਿੰਡ ਸ਼ੂਗਰ ਮਿੱਲ ਨੇੜੇ ਏਐੱਸਆਈ ਜਸਵੰਤ ਸਿੰਘ ‘ਤੇ ਹੋਏ ਹਮਲੇ ਦੇ ਸਬੰਧ ਵਿੱਚ ਕਰਨਬੀਰ ਨੂੰ ਪਹਿਲਾਂ ਕਾਬੂ ਕੀਤਾ ਗਿਆ ਸੀ। ਪੁੱਛਗਿੱਛ ਦੌਰਾਨ ਹਥਿਆਰ ਬਰਾਮਦਗੀ ਲਈ ਮਜੀਠਾ ਖੇਤਰ ਵਿੱਚ ਲਿਜਾਂਦੇ ਸਮੇਂ ਉਹ ਪੁਲਿਸ ਹਿਰਾਸਤ ਵਿੱਚੋਂ ਫ਼ਰਾਰ ਹੋ ਗਿਆ ਸੀ, ਜਿਸ ਸਬੰਧੀ ਥਾਣਾ ਮਜੀਠਾ ਵਿੱਚ ਵੱਖਰਾ ਕੇਸ ਦਰਜ ਸੀ। ਇਸ ਤੋਂ ਪਹਿਲਾਂ ਸਾਲ 2025 ਵਿੱਚ ਵੀ ਥਾਣਾ ਘਰਿੰਡਾ ਵਿਖੇ ਉਸ ਖ਼ਿਲਾਫ਼ ਨਾਬਾਲਗ ਵਜੋਂ ਕੇਸ ਦਰਜ ਹੋਇਆ ਸੀ, ਜਿਸ ਵਿੱਚ ਉਹ ਜ਼ਮਾਨਤ ‘ਤੇ ਬਾਹਰ ਆਇਆ ਹੋਇਆ ਸੀ।
ਘਟਨਾ ਵਾਲੀ ਥਾਂ ਤੋਂ ਪੁਲਿਸ ਨੇ ਇੱਕ ਗਲੌਕ 9mm ਪਿਸਤੌਲ, ਇੱਕ .30 ਬੋਰ ਪਿਸਤੌਲ ਅਤੇ ਵਾਰਦਾਤ ਵਿੱਚ ਵਰਤਿਆ ਗਿਆ ਮੋਟਰਸਾਈਕਲ ਬਰਾਮਦ ਕਰ ਲਿਆ ਹੈ। ਫ਼ੋਰੈਂਸਿਕ ਟੀਮਾਂ ਅਤੇ ਜਾਂਚ ਅਧਿਕਾਰੀ ਮੌਕੇ ਤੋਂ ਸਬੂਤ ਇਕੱਠੇ ਕਰਕੇ ਉਸ ਦੇ ਪੁਰਾਣੇ ਅਪਰਾਧਿਕ ਪਿਛੋਕੜ ਅਤੇ ਗੈਂਗਸਟਰ ਨੈੱਟਵਰਕ ਨਾਲ ਸਬੰਧਾਂ ਦੀ ਬਾਰੀਕੀ ਨਾਲ ਪੜਤਾਲ ਕਰ ਰਹੇ ਹਨ।



