Iran US War: ‘ਈਰਾਨ ਨੂੰ ਹਰਾਉਂਦਿਆਂ ਹੀ ਡਿੱਗਣਗੇ ਤੇਲ ਦੇ ਭਾਅ’: ਡੋਨਲਡ ਟਰੰਪ ਦਾ ਦਾਅਵਾ; ਹੋਰਮੁਜ਼ ਜਲਡਮਰੂ ਦਾ ਨਾਂ ਆਪਣੇ ਨਾਮ ’ਤੇ ਰੱਖਣ ਦੀ ਛੇੜੀ ਚਰਚਾ

Donald Trump Announces Biggest Venezuela Deal Latest News: ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵੈਨੇਜ਼ੁਏਲਾ ਨਾਲ ਜੁੜੇ ਇੱਕ ਵੱਡੇ ਤੇਲ ਸਮਝੌਤੇ ਦਾ ਖੁਲਾਸਾ ਕੀਤਾ ਹੈ। ਉਨ੍ਹਾਂ ਦਾਅਵਾ ਕੀਤਾ ਹੈ ਕਿ ਇਸ ਵਿਵਸਥਾ ਨਾਲ ਅਮਰੀਕੀ ਹਿੱਤਾਂ ਨੂੰ 65 ਅਰਬ ਬੈਰਲ ਤੋਂ ਵੱਧ ਦੇ ਪ੍ਰਮਾਣਿਤ ਕੱਚੇ ਤੇਲ ਦੇ ਭੰਡਾਰ 'ਤੇ ਬਹੁਮਤ ਕੰਟਰੋਲ ਮਿਲੇਗਾ।

Iran US War, Donald Trump on Oil Prices Latest News: ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਖਾੜੀ ਖਿੱਤੇ ਵਿੱਚ ਜਾਰੀ ਜੰਗ ਦਰਮਿਆਨ ਇੱਕ ਵੱਡਾ ਬਿਆਨ ਦਿੰਦਿਆਂ ਦਾਅਵਾ ਕੀਤਾ ਹੈ ਕਿ ਜਿਵੇਂ ਹੀ ਅਮਰੀਕਾ ਇਸ ਟਕਰਾਅ ਵਿੱਚ ਜਿੱਤ ਦਰਜ ਕਰੇਗਾ, ਕੌਮਾਂਤਰੀ ਪੱਧਰ ’ਤੇ ਕੱਚੇ ਤੇਲ ਦੀਆਂ ਕੀਮਤਾਂ ਹੇਠਾਂ ਆ ਜਾਣਗੀਆਂ। ਟਰੰਪ ਨੇ ਜ਼ੋਰ ਦੇ ਕੇ ਆਖਿਆ ਕਿ ਜੰਗ ਦੇ ਮੈਦਾਨ ਵਿੱਚ ਵਾਸ਼ਿੰਗਟਨ ਦਾ ਪਲੜਾ ਭਾਰੀ ਹੈ ਅਤੇ ਫ਼ੌਜੀ ਕਾਰਵਾਈਆਂ ਸਹੀ ਦਿਸ਼ਾ ਵੱਲ ਵਧ ਰਹੀਆਂ ਹਨ।

ਖਾੜੀ ਦੇ ਭਖਦੇ ਹਾਲਾਤਾਂ ’ਤੇ ਟਿੱਪਣੀ ਕਰਦਿਆਂ ਉਨ੍ਹਾਂ ਇੱਕ ਵਿਵਾਦਤ ਅਤੇ ਅਜੀਬੋ-ਗ਼ਰੀਬ ਸੁਝਾਅ ਵੀ ਸਾਹਮਣੇ ਰੱਖਿਆ। ਟਰੰਪ ਨੇ ਹਾਸੇ-ਮਜ਼ਾਕ ਦੇ ਲਹਿਜੇ ਵਿੱਚ ਕਿਹਾ ਕਿ ਦੁਨੀਆ ਦੇ ਸਭ ਤੋਂ ਅਹਿਮ ਸਮੁੰਦਰੀ ਵਪਾਰਕ ਲਾਂਘੇ ‘ਸਟ੍ਰੇਟ ਆਫ਼ ਹੋਰਮੁਜ਼’ (ਹੋਰਮੁਜ਼ ਜਲਡਮਰੂ) ਦਾ ਨਾਂ ਬਦਲ ਕੇ ‘ਟਰੰਪ ਸਟ੍ਰੇਟ’ ਕਰ ਦੇਣਾ ਚਾਹੀਦਾ ਹੈ। ਨਾਲ ਹੀ ਉਨ੍ਹਾਂ ਚੁਟਕੀ ਲੈਂਦਿਆਂ ਇਹ ਵੀ ਮੰਨਿਆ ਕਿ ਤਹਿਰਾਨ ਦੇ ਹੁਕਮਰਾਨ ਇਸ ਤਜਵੀਜ਼ ਨੂੰ ਕਦੇ ਵੀ ਹਜ਼ਮ ਨਹੀਂ ਕਰ ਸਕਣਗੇ।

ਈਰਾਨੀ ਲੀਡਰਸ਼ਿਪ ‘ਤੇ ਤਿੱਖੇ ਨਿਸ਼ਾਨੇ

ਅਮਰੀਕੀ ਸਦਰ ਨੇ ਈਰਾਨ ਦੇ ਸਿਆਸੀ ਨਿਜ਼ਾਮ ’ਤੇ ਹਮਲਾ ਬੋਲਦਿਆਂ ਕਿਹਾ ਕਿ ਮੌਜੂਦਾ ਹਾਲਾਤ ਤੋਂ ਈਰਾਨੀ ਆਗੂ ਬੇਹੱਦ ਬੇਚੈਨ ਹਨ। ਉਨ੍ਹਾਂ ਦਾਅਵਾ ਕੀਤਾ ਕਿ ਅੰਦਰੂਨੀ ਪੱਧਰ ’ਤੇ ਈਰਾਨ ਇਸ ਵੇਲੇ ਗੰਭੀਰ ਮੁਸ਼ਕਿਲਾਂ ਅਤੇ ਆਰਥਿਕ ਘੁੰਮਣਘੇਰੀ ਵਿੱਚ ਫਸਿਆ ਹੋਇਆ ਹੈ।

ਜ਼ਿਕਰਯੋਗ ਹੈ ਕਿ ਪਰਸ਼ੀਅਨ ਖਾੜੀ ਨੂੰ ਓਮਾਨ ਦੀ ਖਾੜੀ ਅਤੇ ਅਰਬ ਸਾਗਰ ਨਾਲ ਜੋੜਨ ਵਾਲਾ ਹੋਰਮੁਜ਼ ਦਾ ਰਸਤਾ ਦੁਨੀਆ ਦੀ ਊਰਜਾ ਸਪਲਾਈ ਦੀ ਰੀੜ੍ਹ ਦੀ ਹੱਡੀ ਮੰਨਿਆ ਜਾਂਦਾ ਹੈ। ਦੁਨੀਆ ਭਰ ਵਿੱਚ ਤੇਲ ਦੀ ਵੱਡੀ ਖਪਤ ਇਸੇ ਰਸਤੇ ਰਾਹੀਂ ਨਿਕਲਦੀ ਹੈ, ਜਿਸ ਕਾਰਨ ਇੱਥੇ ਪੈਦਾ ਹੋਈ ਜ਼ਰਾ ਜਿੰਨੀ ਵੀ ਰੁਕਾਵਟ ਗਲੋਬਲ ਮਾਰਕੀਟ ਨੂੰ ਹਿਲਾ ਕੇ ਰੱਖ ਦਿੰਦੀ ਹੈ।

ਟਰੰਪ ਦਾ ਇਹ ਬਿਆਨ ਅਜਿਹੇ ਨਾਜ਼ੁਕ ਮੋੜ ’ਤੇ ਸਾਹਮਣੇ ਆਇਆ ਹੈ ਜਦੋਂ ਦੋਵਾਂ ਮੁਲਕਾਂ ਦੇ ਤਣਾਅ ਕਾਰਨ ਤੇਲ ਦੀਆਂ ਕੀਮਤਾਂ ਅਸਮਾਨੀਂ ਚੜ੍ਹੀਆਂ ਹੋਈਆਂ ਹਨ। ਮਾਹਿਰਾਂ ਦਾ ਮੰਨਣਾ ਹੈ ਕਿ ਜੰਗ ਦੇ ਨਤੀਜਿਆਂ ਨੂੰ ਤੇਲ ਦੀਆਂ ਕੀਮਤਾਂ ਨਾਲ ਜੋੜ ਕੇ ਟਰੰਪ ਜਿੱਥੇ ਆਰਥਿਕ ਲਾਹਾ ਗਿਣਾਉਣ ਦੀ ਕੋਸ਼ਿਸ਼ ਕਰ ਰਹੇ ਹਨ, ਉੱਥੇ ਹੀ ਉਨ੍ਹਾਂ ਦੀ ਹਲਕੇ-ਫੁਲਕੇ ਅੰਦਾਜ਼ ਵਿੱਚ ਕੀਤੀ ਬਿਆਨਬਾਜ਼ੀ ਨੇ ਪੱਛਮੀ ਏਸ਼ੀਆ ਦੇ ਭਖਦੇ ਮਾਹੌਲ ਵਿੱਚ ਸਿਆਸੀ ਤਪਸ਼ ਨੂੰ ਹੋਰ ਵਧਾ ਦਿੱਤਾ ਹੈ।

Leave a Comment

Your email address will not be published. Required fields are marked *

Scroll to Top