Ammy Virk Attacked in Canada Latest News Today: ਕੈਨੇਡਾ ਦੇ ਸ਼ਹਿਰ ਐਬਟਸਫੋਰਡ ਵਿਖੇ ਸ਼ਨੀਵਾਰ ਦੇਰ ਰਾਤ ਪੰਜਾਬੀ ਗਾਇਕ ਤੇ ਅਦਾਕਾਰ ਐਮੀ ਵਿਰਕ ਦੀ ਗੱਡੀ ’ਤੇ ਅਣਪਛਾਤੇ ਹਮਲਾਵਰਾਂ ਵੱਲੋਂ ਤਾਬੜਤੋੜ ਗੋਲੀਆਂ ਚਲਾਏ ਜਾਣ ਦੀ ਖ਼ਬਰ ਸਾਹਮਣੇ ਆਈ ਹੈ। ਇਸ ਘਟਨਾ ਦੌਰਾਨ ਗਾਇਕ ਸਮੇਤ ਕਾਰ ਸਵਾਰ ਸਾਰੇ ਚਾਰੇ ਵਿਅਕਤੀ ਪੂਰੀ ਤਰ੍ਹਾਂ ਸੁਰੱਖਿਅਤ ਬਚ ਗਏ।
ਇਹ ਵਾਰਦਾਤ ਰਾਤ ਕਰੀਬ 11 ਵਜੇ ਮੈਕਕਲਮ ਰੋਡ ਅਤੇ ਸਾਊਥ ਫਰੇਜ਼ਰ ਵੇਅ ਦੇ ਚੌਰਾਹੇ ਨੇੜੇ ਵਾਪਰੀ, ਜਦੋਂ ਐਮੀ ਵਿਰਕ ਇੱਕ ਸੰਗੀਤਕ ਪ੍ਰੋਗਰਾਮ ਖ਼ਤਮ ਕਰਕੇ ਰੋਲਜ਼ ਰਾਇਸ ਕੁਲੀਨਨ ਗੱਡੀ ਵਿੱਚ ਸਵਾਰ ਹੋ ਕੇ ਨਿਕਲੇ ਹੀ ਸਨ। ਪ੍ਰਬੰਧਕਾਂ ਮੁਤਾਬਕ ਹਮਲੇ ਵੇਲੇ ਖ਼ੁਦ ਐਮੀ ਵਿਰਕ ਕਾਰ ਦੇ ਅੰਦਰ ਹੀ ਮੌਜੂਦ ਸਨ।
ਰੋਲਜ਼ ਰਾਇਸ ਦੇ ਪਿਛਲੇ ਸ਼ੀਸ਼ੇ ‘ਤੇ ਲੱਗੀਆਂ 7 ਗੋਲੀਆਂ
ਜਾਂਚ ਏਜੰਸੀਆਂ ਅਨੁਸਾਰ ਹਮਲਾਵਰਾਂ ਨੇ 7 ਤੋਂ 10 ਰਾਊਂਡ ਫ਼ਾਇਰਿੰਗ ਕੀਤੀ। ਇਨ੍ਹਾਂ ਵਿੱਚੋਂ ਸੱਤ ਗੋਲੀਆਂ ਸਿੱਧੀਆਂ ਗੱਡੀ ‘ਤੇ ਲੱਗੀਆਂ, ਜਿਸ ਨਾਲ ਕਾਰ ਦੇ ਪਿਛਲੇ ਹਿੱਸੇ ਅਤੇ ਸ਼ੀਸ਼ਿਆਂ ਦਾ ਭਾਰੀ ਨੁਕਸਾਨ ਹੋਇਆ। ਖ਼ੁਸ਼ਕਿਸਮਤੀ ਇਹ ਰਹੀ ਕਿ ਗੱਡੀ ਦੇ ਮਜ਼ਬੂਤ ਢਾਂਚੇ ਕਾਰਨ ਗੋਲੀਆਂ ਅੰਦਰ ਬੈਠੀਆਂ ਸਵਾਰੀਆਂ ਤੱਕ ਨਹੀਂ ਪਹੁੰਚ ਸਕੀਆਂ, ਜਿਸ ਕਾਰਨ ਇੱਕ ਵੱਡਾ ਹਾਦਸਾ ਟਲ ਗਿਆ।
5 ਕਿਲੋਮੀਟਰ ਦੂਰ ਸੜੀ ਹੋਈ ਮਿਲੀ ਸ਼ੱਕੀ ਗੱਡੀ
ਵਾਰਦਾਤ ਤੋਂ ਕੁਝ ਦੇਰ ਬਾਅਦ ਹੀ ਘਟਨਾ ਸਥਾਨ ਤੋਂ ਲਗਭਗ 5 ਕਿਲੋਮੀਟਰ ਦੂਰ ਸੰਨੀਸਾਈਡ ਪਲੇਸ ਵਿਖੇ ਇੱਕ ਐੱਸ.ਯੂ.ਵੀ. ਸੜੀ ਹੋਈ ਬਰਾਮਦ ਹੋਈ। ਪੁਲਿਸ ਨੂੰ ਸ਼ੱਕ ਹੈ ਕਿ ਹਮਲਾਵਰ ਵਾਰਦਾਤ ਮਗਰੋਂ ਸਬੂਤ ਨਸ਼ਟ ਕਰਨ ਦੇ ਮਕਸਦ ਨਾਲ ਇਸ ਵਾਹਨ ਨੂੰ ਅੱਗ ਲਗਾ ਕੇ ਫ਼ਰਾਰ ਹੋਏ ਹਨ। ਕੈਨੇਡੀਅਨ ਪੁਲਿਸ ਗੋਲੀਬਾਰੀ ਅਤੇ ਸੜੀ ਹੋਈ ਕਾਰ ਦੋਵਾਂ ਪਹਿਲੂਆਂ ਨੂੰ ਆਪਸ ਵਿੱਚ ਜੋੜ ਕੇ ਪੜਤਾਲ ਕਰ ਰਹੀ ਹੈ।
ਜਾਂਚ ਦਾ ਇੱਕ ਅਹਿਮ ਪਹਿਲੂ ਇਹ ਵੀ ਹੈ ਕਿ ਕਾਰ ਵਿੱਚ ਸਰੀ ਦਾ ਰਹਿਣ ਵਾਲਾ ਇੱਕ ਅਜਿਹਾ ਸ਼ਖ਼ਸ ਵੀ ਸਵਾਰ ਸੀ ਜਿਸ ‘ਤੇ ਪਹਿਲਾਂ ਵੀ ਜਾਨਲੇਵਾ ਹਮਲੇ ਹੋ ਚੁੱਕੇ ਹਨ। ਪੁਲਿਸ ਇਸ ਗੱਲ ਦੀ ਤਫ਼ਤੀਸ਼ ਕਰ ਰਹੀ ਹੈ ਕਿ ਅਸਲ ਨਿਸ਼ਾਨਾ ਐਮੀ ਵਿਰਕ ਸਨ ਜਾਂ ਕਾਰ ਵਿੱਚ ਬੈਠਾ ਕੋਈ ਹੋਰ ਵਿਅਕਤੀ।
ਵਿਦੇਸ਼ਾਂ ‘ਚ ਪੰਜਾਬੀ ਕਲਾਕਾਰਾਂ ਦੀ ਸੁਰੱਖਿਆ ਮੁੜ ਸਵਾਲਾਂ ਦੇ ਘੇਰੇ ‘ਚ
ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਵਿਦੇਸ਼ੀ ਧਰਤੀ ‘ਤੇ ਪੰਜਾਬੀ ਕਲਾਕਾਰਾਂ ਨੂੰ ਮਿਲ ਰਹੀਆਂ ਧਮਕੀਆਂ ਅਤੇ ਅਜਿਹੇ ਹਮਲਿਆਂ ਨੇ ਇੰਡਸਟਰੀ ਅੰਦਰ ਚਿੰਤਾ ਦਾ ਮਾਹੌਲ ਪੈਦਾ ਕਰ ਦਿੱਤਾ ਹੈ। ਫ਼ਿਲਹਾਲ ਕੈਨੇਡੀਅਨ ਜਾਂਚ ਟੀਮਾਂ ਸੀ.ਸੀ.ਟੀ.ਵੀ. ਕੈਮਰਿਆਂ ਦੀ ਫੁਟੇਜ ਅਤੇ ਫੋਰੈਂਸਿਕ ਸਬੂਤਾਂ ਰਾਹੀਂ ਹਮਲਾਵਰਾਂ ਦਾ ਸੁਰਾਗ ਲਗਾਉਣ ਵਿੱਚ ਜੁਟੀਆਂ ਹੋਈਆਂ ਹਨ।



