ਪੰਜਾਬ ਯੂਨੀਵਰਸਿਟੀ ’ਚ ਲਗਾਤਾਰ ਦੂਜੀ ਜਿੱਤ ਪੰਜਾਬ ਦੇ ਨੌਜਵਾਨਾਂ ਵਿੱਚ ਭਾਜਪਾ ਪ੍ਰਤੀ ਵਧਦੇ ਭਰੋਸੇ ਦਾ ਸਪੱਸ਼ਟ ਸੰਕੇਤ: ਸਤਨਾਮ ਸਿੰਘ ਸੰਧੂ

Satnam Sandhu

ਚੰਡੀਗੜ੍ਹ: ਪੰਜਾਬ ਯੂਨੀਵਰਸਿਟੀ ਕੈਂਪਸ ਸਟੂਡੈਂਟਸ ਕੌਂਸਲ ਦੀਆਂ ਚੋਣਾਂ ਵਿੱਚ ਪ੍ਰਧਾਨਗੀ ਦੇ ਅਹੁਦੇ ’ਤੇ ABVP ਦੇ ਉਮੀਦਵਾਰ ਅੰਕਿਤ ਬਿਧਾਨ ਦੀ ਭਾਰੀ ਵੋਟਾਂ ਦੇ ਫ਼ਰਕ ਨਾਲ ਜਿੱਤ ਨੂੰ ਰਾਜ ਸਭਾ ਮੈਂਬਰ ਸਤਨਾਮ ਸਿੰਘ ਸੰਧੂ ਨੇ ਪੰਜਾਬ ਦੇ ਨੌਜਵਾਨਾਂ ਵਿੱਚ ਭਾਜਪਾ ਪ੍ਰਤੀ ਵਧਦੇ ਭਰੋਸੇ ਅਤੇ ਵਿਕਾਸ ਦੀ ਰਾਜਨੀਤੀ ਨੂੰ ਮਿਲ ਰਹੇ ਹੁੰਗਾਰੇ ਦਾ ਸਪੱਸ਼ਟ ਸੰਕੇਤ ਕਰਾਰ ਦਿੱਤਾ ਹੈ।
ਸੰਧੂ ਨੇ ਕਿਹਾ ਕਿ ਪੰਜਾਬ ਯੂਨੀਵਰਸਿਟੀ ਵਿੱਚ ਲਗਾਤਾਰ ਦੂਜੀ ਵਾਰ ABVP ਦਾ ਪ੍ਰਧਾਨ ਚੁਣਿਆ ਜਾਣਾ ਆਪਣੇ ਆਪ ਵਿੱਚ ਇੱਕ ਅਹਿਮ ਸਿਆਸੀ ਸੰਦੇਸ਼ ਹੈ। ਦੇਸ਼ ਦੀਆਂ ਪ੍ਰਮੁੱਖ ਅਤੇ ਵੱਕਾਰੀ ਯੂਨੀਵਰਸਿਟੀਆਂ ਵਿੱਚ ਸ਼ੁਮਾਰ ਪੰਜਾਬ ਯੂਨੀਵਰਸਿਟੀ ਦੇ ਜਾਗਰੂਕ ਵਿਦਿਆਰਥੀਆਂ ਨੇ ਆਪਣੇ ਫ਼ਤਵੇ ਰਾਹੀਂ ਨੌਜਵਾਨ ਪੀੜ੍ਹੀ ਨੂੰ ਲੈ ਕੇ ਸਿਰਜੇ ਜਾ ਰਹੇ ਕਈ ਭੁਲੇਖਿਆਂ ਦਾ ਜਵਾਬ ਦਿੱਤਾ ਹੈ।
ਉਨ੍ਹਾਂ ਕਿਹਾ, “ਇਸ ਨਤੀਜੇ ਦਾ ਸੰਦੇਸ਼ ਸਾਫ਼ ਹੈ—ਅੱਜ ਦਾ ਨੌਜਵਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ‘ਵਿਕਸਿਤ ਭਾਰਤ’ ਦੇ ਸੰਕਲਪ ਨਾਲ ਡਟ ਕੇ ਖੜ੍ਹਾ ਹੈ ਅਤੇ ਇਸ ਵਿੱਚ ਆਪਣੇ ਸੁਪਨਿਆਂ, ਆਪਣੀਆਂ ਉਮੀਦਾਂ ਤੇ ਆਪਣੇ ਭਵਿੱਖ ਨੂੰ ਦੇਖ ਰਿਹਾ ਹੈ। ਨੌਜਵਾਨ ਤਰੱਕੀ ਚਾਹੁੰਦਾ ਹੈ, ਰੁਜ਼ਗਾਰ ਤੇ ਨਵੇਂ ਮੌਕੇ ਚਾਹੁੰਦਾ ਹੈ ਅਤੇ ਦੇਸ਼ ਦੀ ਵਿਕਾਸ ਯਾਤਰਾ ਵਿੱਚ ਆਪਣੀ ਸਰਗਰਮ ਹਿੱਸੇਦਾਰੀ ਚਾਹੁੰਦਾ ਹੈ।”

ਸੰਧੂ ਨੇ ਕਿਹਾ ਕਿ ਪੰਜਾਬ ਯੂਨੀਵਰਸਿਟੀ ਪੰਜਾਬ ਅਤੇ ਚੰਡੀਗੜ੍ਹ ਦੇ ਨੌਜਵਾਨਾਂ ਦੀ ਸੋਚ ਅਤੇ ਸਰੋਕਾਰਾਂ ਦਾ ਇੱਕ ਮਹੱਤਵਪੂਰਨ ਕੇਂਦਰ ਹੈ। ਇਸ ਲਈ ਇੱਥੋਂ ਆਇਆ ਇਹ ਫ਼ਤਵਾ ਕੈਂਪਸ ਦੀਆਂ ਹੱਦਾਂ ਤੋਂ ਅੱਗੇ ਵੀ ਇੱਕ ਅਹਿਮ ਸੰਦੇਸ਼ ਦਿੰਦਾ ਹੈ। ਪੰਜਾਬ ਦਾ ਨੌਜਵਾਨ ਨਿਰਾਸ਼ਾ ਅਤੇ ਟਕਰਾਅ ਨਹੀਂ, ਸਗੋਂ ਤਰੱਕੀ, ਮੌਕੇ, ਨਿਵੇਸ਼, ਨਵੀਨਤਾ ਅਤੇ ਖੁਸ਼ਹਾਲੀ ਚਾਹੁੰਦਾ ਹੈ।
ਉਨ੍ਹਾਂ ਕਿਹਾ, “ਪੰਜਾਬ ਦੀ ਨਵੀਂ ਪੀੜ੍ਹੀ ਅਜਿਹਾ ਪੰਜਾਬ ਚਾਹੁੰਦੀ ਹੈ ਜਿੱਥੇ ਉਸ ਨੂੰ ਆਪਣੇ ਸੁਪਨੇ ਪੂਰੇ ਕਰਨ ਲਈ ਆਪਣੀ ਜਨਮਭੂਮੀ ਛੱਡਣ ਲਈ ਮਜਬੂਰ ਨਾ ਹੋਣਾ ਪਵੇ; ਜਿੱਥੇ ਰੁਜ਼ਗਾਰ ਹੋਵੇ, ਉਦਯੋਗ ਆਵੇ, ਨਿਵੇਸ਼ ਵਧੇ ਅਤੇ ਨੌਜਵਾਨ ਦੀ ਪ੍ਰਤਿਭਾ ਨੂੰ ਅੱਗੇ ਵਧਣ ਦੇ ਮੌਕੇ ਮਿਲਣ। ਵਿਕਸਿਤ ਭਾਰਤ ਦੇ ਨਾਲ ਇੱਕ ਵਿਕਸਿਤ ਅਤੇ ਖੁਸ਼ਹਾਲ ਪੰਜਾਬ—ਇਹੀ ਅੱਜ ਦੇ ਨੌਜਵਾਨ ਦੀ ਆਸ ਅਤੇ ਆਕਾਂਖਿਆ ਹੈ।”
ਸੰਧੂ ਨੇ ਕਿਹਾ ਕਿ ਲਗਾਤਾਰ ਦੂਜੀ ਵਾਰ ਮਿਲਿਆ ਵਿਦਿਆਰਥੀਆਂ ਦਾ ਭਰੋਸਾ ਇਹ ਦਰਸਾਉਂਦਾ ਹੈ ਕਿ ਪੰਜਾਬ ਦੇ ਨੌਜਵਾਨਾਂ ਨਾਲ ਭਾਜਪਾ ਦਾ ਸੰਵਾਦ ਹੋਰ ਮਜ਼ਬੂਤ ਹੋ ਰਿਹਾ ਹੈ। ਵਿਕਾਸ, ਮੌਕਿਆਂ ਅਤੇ ਭਵਿੱਖ ਨੂੰ ਕੇਂਦਰ ਵਿੱਚ ਰੱਖਣ ਵਾਲੀ ਰਾਜਨੀਤੀ ਨੂੰ ਨਵੀਂ ਪੀੜ੍ਹੀ ਵੱਲੋਂ ਮਿਲ ਰਿਹਾ ਹੁੰਗਾਰਾ ਪੰਜਾਬ ਲਈ ਵੀ ਇੱਕ ਸਕਾਰਾਤਮਕ ਸੰਦੇਸ਼ ਹੈ।
ਸੰਧੂ ਨੇ ਇਸ ਸ਼ਾਨਦਾਰ ਜਿੱਤ ਲਈ ਅੰਕਿਤ ਬਿਧਾਨ ਅਤੇ ABVP ਦੀ ਸਮੁੱਚੀ ਟੀਮ ਨੂੰ ਵਧਾਈ ਦਿੰਦਿਆਂ ਪਿਛਲੇ ਕਾਰਜਕਾਲ ਦੇ ਪ੍ਰਧਾਨ ਗੌਰਵ ਵੀਰ ਸਿੰਘ ਸੋਹਲ ਅਤੇ ਉਨ੍ਹਾਂ ਦੀ ਟੀਮ ਦੀ ਮਿਹਨਤ ਦੀ ਵਿਸ਼ੇਸ਼ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਪਿਛਲੇ ਕਾਰਜਕਾਲ ਦੌਰਾਨ ਵਿਦਿਆਰਥੀਆਂ ਦੇ ਮਸਲਿਆਂ ਲਈ ਕੀਤੇ ਕੰਮ ਅਤੇ ਉਨ੍ਹਾਂ ਨਾਲ ਬਣਾਏ ਭਰੋਸੇ ਨੇ ਅੱਜ ਦੀ ਜਿੱਤ ਲਈ ਮਜ਼ਬੂਤ ਨੀਂਹ ਤਿਆਰ ਕੀਤੀ।
ਉਨ੍ਹਾਂ ਨੇ ਨੌਜਵਾਨ ਆਗੂ ਗੌਰਵ ਅੱਤਰੀ ਨੂੰ ਵੀ ਵਧਾਈ ਦਿੰਦਿਆਂ ਕਿਹਾ ਕਿ ਉਨ੍ਹਾਂ ਦੀ ਅਗਵਾਈ ਅਤੇ ਨਿਗਰਾਨੀ ਹੇਠ ABVP ਦੀ ਟੀਮ ਨੇ ਪੂਰੀ ਊਰਜਾ, ਅਨੁਸ਼ਾਸਨ ਅਤੇ ਇਕਜੁੱਟਤਾ ਨਾਲ ਚੋਣ ਲੜੀ ਅਤੇ ਵਿਦਿਆਰਥੀਆਂ ਤੱਕ ਆਪਣਾ ਸੰਦੇਸ਼ ਪ੍ਰਭਾਵਸ਼ਾਲੀ ਢੰਗ ਨਾਲ ਪਹੁੰਚਾਇਆ।
ਸੰਧੂ ਨੇ ਭਾਰਤੀ ਜਨਤਾ ਪਾਰਟੀ ਦੇ ਕੌਮੀ ਪ੍ਰਧਾਨ ਨਿਤਿਨ ਨਬੀਨ ਨੂੰ ਵੀ ਇਸ ਜਿੱਤ ਲਈ ਵਧਾਈ ਦਿੰਦਿਆਂ ਕਿਹਾ ਕਿ ਖੁਦ ਨੌਜਵਾਨ ਅਗਵਾਈ ਦੀ ਨੁਮਾਇੰਦਗੀ ਕਰਨ ਵਾਲੇ ਕੌਮੀ ਪ੍ਰਧਾਨ ਦੀ ਅਗਵਾਈ ਹੇਠ ਨਵੀਂ ਪੀੜ੍ਹੀ ਤੋਂ ਮਿਲਿਆ ਇਹ ਹੁੰਗਾਰਾ ਵਿਸ਼ੇਸ਼ ਮਹੱਤਵ ਰੱਖਦਾ ਹੈ।
ਸੰਧੂ ਨੇ ਕਿਹਾ, “ਪੰਜਾਬ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੇ ਆਪਣੀ ਵੋਟ ਨਾਲ ਸਪੱਸ਼ਟ ਸੰਦੇਸ਼ ਦਿੱਤਾ ਹੈ—ਨੌਜਵਾਨ ਭਵਿੱਖ ਵੱਲ ਦੇਖ ਰਿਹਾ ਹੈ, ਅੱਗੇ ਵਧਣਾ ਚਾਹੁੰਦਾ ਹੈ ਅਤੇ ਵਿਕਸਿਤ ਭਾਰਤ ਦੀ ਯਾਤਰਾ ਦਾ ਹਿੱਸੇਦਾਰ ਬਣਨਾ ਚਾਹੁੰਦਾ ਹੈ। ਪੰਜਾਬ ਦਾ ਨੌਜਵਾਨ ਵੀ ਇਸੇ ਵਿਕਾਸ ਯਾਤਰਾ ਵਿੱਚ ਇੱਕ ਖੁਸ਼ਹਾਲ, ਵਿਕਸਿਤ ਅਤੇ ਮੌਕਿਆਂ ਨਾਲ ਭਰਪੂਰ ਪੰਜਾਬ ਦਾ ਭਵਿੱਖ ਦੇਖ ਰਿਹਾ ਹੈ।”

Leave a Comment

Your email address will not be published. Required fields are marked *

Scroll to Top