PM ਮੋਦੀ ਪੰਜਾਬ ਦੇ ਅਸਲ ਮੁੱਦਿਆਂ ਦਾ ਜਵਾਬ ਦੇਣ ਵਿੱਚ ਅਸਫਲ ਰਹੇ, ਸਿਰਫ ਝੂਠੇ ਦੋਸ਼ ਲਗਾਏ: ਬਲਤੇਜ ਪੰਨੂ*


ਪੰਜਾਬ ਭਾਜਪਾ-ਅਕਾਲੀ ‘ਡਬਲ ਇੰਜਣ’ ਸਰਕਾਰ ਦੇ ਨੁਕਸਾਨ ਨੂੰ ਨਹੀਂ ਭੁੱਲਿਆ: ਬਲਤੇਜ ਪੰਨੂ*

*ਪੰਜਾਬੀਆਂ ਨੂੰ ਖੋਖਲੇ ਨਾਅਰੇ ਅਤੇ ਪ੍ਰਚਾਰ ਨਹੀਂ ਸਗੋਂ ਜਵਾਬਦੇਹੀ ਅਤੇ ਇਨਸਾਫ ਚਾਹੀਦਾ ਹੈ: ਬਲਤੇਜ ਪੰਨੂ*

ਚੰਡੀਗੜ੍ਹ, 18 ਜੁਲਾਈ

ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਮੀਡੀਆ ਇੰਚਾਰਜ ਬਲਤੇਜ ਪੰਨੂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਭਾਰਤੀ ਜਨਤਾ ਪਾਰਟੀ (ਭਾਜਪਾ) ‘ਤੇ ਤਿੱਖੇ ਹਮਲੇ ਕਰਦਿਆਂ ਕਿਹਾ ਹੈ ਕਿ ਪ੍ਰਧਾਨ ਮੰਤਰੀ ਦਾ ਪੰਜਾਬ ਦੌਰਾ ਝੂਠੇ ਦੋਸ਼ਾਂ ਨਾਲ ਭਰਿਆ ਸਿਆਸੀ ਡਰਾਮਾ ਸੀ, ਜਦਕਿ ਉਹ ਪੰਜਾਬ ਦੇ ਲੋਕਾਂ ਲਈ ਸਭ ਤੋਂ ਵੱਧ ਮਹੱਤਵਪੂਰਨ ਸਵਾਲਾਂ ਦਾ ਜਵਾਬ ਦੇਣ ‘ਚ ਨਾਕਾਮਯਾਬ ਰਹੇ।

ਇੱਕ ਵੀਡੀਓ ਸੰਦੇਸ਼ ਵਿੱਚ ‘ਆਪ’ ਪੰਜਾਬ ਦੇ ਮੀਡੀਆ ਇੰਚਾਰਜ ਬਲਤੇਜ ਪੰਨੂ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪੰਜਾਬ ਆਏ, ਪੰਜਾਬ ਸਰਕਾਰ ‘ਤੇ ਬੇਬੁਨਿਆਦ ਦੋਸ਼ ਲਾਏ ਅਤੇ ਸੂਬੇ ਦੀਆਂ ਗੰਭੀਰ ਸਮੱਸਿਆਵਾਂ ਦਾ ਕੋਈ ਹੱਲ ਕੀਤੇ ਬਿਨਾਂ ਹੀ ਵਾਪਸ ਚਲੇ ਗਏ। ਉਨ੍ਹਾਂ ਕਿਹਾ, “ਪ੍ਰਧਾਨ ਮੰਤਰੀ ਕੋਲ ਪੰਜਾਬ ਲਈ ਕੋਈ ਜਵਾਬ ਨਹੀਂ ਸੀ। ਉਹ ਸਿਰਫ਼ ਦੋਸ਼ ਅਤੇ ਸਿਆਸੀ ਬਿਆਨਬਾਜ਼ੀ ਹੀ ਦੁਹਰਾਉਂਦੇ ਹਨ, ਪਰ ਲੋਕਾਂ ਨੂੰ ਪ੍ਰਭਾਵਿਤ ਕਰਨ ਵਾਲੇ ਅਸਲ ਮੁੱਦਿਆਂ ‘ਤੇ ਪੂਰੀ ਤਰ੍ਹਾਂ ਚੁੱਪ ਰਹੇ।”

ਪੰਜਾਬ ਨਾਲ ਸਬੰਧਤ ਕਈ ਅਹਿਮ ਮੁੱਦਿਆਂ ‘ਤੇ ਪ੍ਰਧਾਨ ਮੰਤਰੀ ਦੀ ਚੁੱਪ ‘ਤੇ ਸਵਾਲ ਉਠਾਉਂਦਿਆਂ ‘ਆਪ’ ਦੇ ਮੀਡੀਆ ਇੰਚਾਰਜ ਨੇ ਕਿਹਾ ਕਿ ਲੋਕਾਂ ਨੂੰ ਜਵਾਬ ਦੀ ਉਮੀਦ ਸੀ ਪਰ ਕੁਝ ਨਹੀਂ ਮਿਲਿਆ। ਉਨ੍ਹਾਂ ਕਿਹਾ, “ਕਿਸਾਨ ਅੰਦੋਲਨ ਦੌਰਾਨ ਸੈਂਕੜੇ ਕਿਸਾਨਾਂ ਦੀਆਂ ਮੌਤਾਂ ‘ਤੇ ਪ੍ਰਧਾਨ ਮੰਤਰੀ ਜਵਾਬ ਦੇਣ ‘ਚ ਨਾਕਾਮ ਕਿਉਂ ਰਹੇ? ਘੱਟੋ-ਘੱਟ ਸਮਰਥਨ ਮੁੱਲ ਦੀ ਕਾਨੂੰਨੀ ਗਾਰੰਟੀ ਕਿਉਂ ਮੁਅੱਤਲ ਕੀਤੀ ਗਈ? ਕੇਂਦਰ ਸਰਕਾਰ ਪੰਜਾਬ ਦੇ ਬਕਾਇਆ ਫੰਡ ਕਿਉਂ ਰੋਕ ਰਹੀ ਹੈ? ਅਸਲ ਵਿੱਚ ਸੂਬੇ ਦੇ ਫੰਡ ਨਾ ਮਿਲਣ ਦੇ ਬਾਵਜੂਦ ਪੰਜਾਬ ਨੂੰ ਗੁਜ਼ਾਰਾ ਕਰਨਾ ਪੈ ਰਿਹਾ ਹੈ, ਪ੍ਰਧਾਨ ਮੰਤਰੀ ਨੇ ਅਜੇ ਤੱਕ ਕੋਈ ਸਪੱਸ਼ਟੀਕਰਨ ਨਹੀਂ ਦਿੱਤਾ।”

ਭਾਜਪਾ ਦੇ ‘ਡਬਲ ਇੰਜਣ ਵਾਲੀ ਸਰਕਾਰ’ ਦੇ ਨਾਅਰੇ ‘ਤੇ ਨਿਸ਼ਾਨਾ ਸਾਧਦੇ ਹੋਏ ਪੰਨੂ ਨੇ ਕਿਹਾ ਕਿ ਪੰਜਾਬੀਆਂ ਨੇ ਅਜਿਹੀ ਸਰਕਾਰ ਦੀ ਅਸਲੀਅਤ ਦੇਖ ਲਈ ਹੈ। “2007 ਤੋਂ 2017 ਤੱਕ, ਜਦੋਂ ਭਾਜਪਾ ਅਤੇ ਸ਼੍ਰੋਮਣੀ ਅਕਾਲੀ ਦਲ ਨੇ ਸਾਂਝੇ ਤੌਰ ‘ਤੇ ਪੰਜਾਬ ‘ਤੇ ਰਾਜ ਕੀਤਾ, ਰਾਜ ਨੂੰ ਬਹੁਤ ਨੁਕਸਾਨ ਹੋਇਆ।”

ਬਲਤੇਜ ਪੰਨੂ ਨੇ ਭਾਜਪਾ-ਅਕਾਲੀ ਸਰਕਾਰ ਦੇ ਕਾਰਜਕਾਲ ਦਾ ਜ਼ਿਕਰ ਕਰਦਿਆਂ ਕਿਹਾ ਕਿ ਉਸ ਸਮੇਂ ਲਏ ਫੈਸਲਿਆਂ ਦਾ ਨਤੀਜਾ ਪੰਜਾਬ ਅੱਜ ਵੀ ਭੁਗਤ ਰਿਹਾ ਹੈ। ਉਨ੍ਹਾਂ ਕਿਹਾ, “ਭਾਜਪਾ-ਅਕਾਲੀ ਸ਼ਾਸਨ ਦੌਰਾਨ ਹੀ ਪੰਜਾਬ ਵਿੱਚ ਨਸ਼ਾ ਫੈਲਿਆ, ਜਿਸ ਨੇ ਨੌਜਵਾਨ ਪੀੜ੍ਹੀ ਨੂੰ ਬਰਬਾਦ ਕਰ ਦਿੱਤਾ। ਇਸੇ ਸਮੇਂ ਦੌਰਾਨ ਗੈਂਗਸਟਰ ਕਲਚਰ ਵੀ ਵਧਿਆ, ਜਿਸ ਦੇ ਨਤੀਜੇ ਪੰਜਾਬ ਨੂੰ ਸਾਲਾਂ ਤੱਕ ਭੁਗਤਣੇ ਪਏ।”

ਭਾਜਪਾ ਵੱਲੋਂ ਪੰਜਾਬ ਵਿੱਚ ਇੱਕ ਹੋਰ ਮੌਕਾ ਮੰਗਣ ’ਤੇ ਸਵਾਲ ਕਰਦਿਆਂ ਉਨ੍ਹਾਂ ਕਿਹਾ ਕਿ ਲੋਕ ਪਾਰਟੀ ਦੇ ਪੁਰਾਣੇ ਰਿਕਾਰਡ ਨੂੰ ਭੁੱਲੇ ਨਹੀਂ ਹਨ। ਉਨ੍ਹਾਂ ਕਿਹਾ ਕਿ ਭਾਜਪਾ ਕਿਸ ਮੂੰਹ ਨਾਲ ਪੰਜਾਬੀਆਂ ਨੂੰ ਡਬਲ ਇੰਜਣ ਵਾਲੀ ਸਰਕਾਰ ਲਿਆਉਣ ਲਈ ਕਹਿ ਰਹੀ ਹੈ? ਲੋਕਾਂ ਨੇ ਉਨ੍ਹਾਂ ਨੂੰ ਪਹਿਲਾਂ ਹੀ ਕਈ ਮੌਕੇ ਦਿੱਤੇ ਹਨ। 1997 ਤੋਂ 2002 ਅਤੇ ਫਿਰ 2007 ਤੋਂ 2017 ਤੱਕ ਪੰਜਾਬ ਨੇ ਉਨ੍ਹਾਂ ਦਾ ਰਾਜ ਦੇਖਿਆ ਹੈ ਅਤੇ ਉਨ੍ਹਾਂ ਸਾਲਾਂ ਦੌਰਾਨ ਹੋਏ ਨੁਕਸਾਨ ਨੂੰ ਭੁੱਲਿਆ ਨਹੀਂ ਹੈ।

ਬਲਤੇਜ ਪੰਨੂ ਨੇ ਕਿਹਾ, “ਪੰਜਾਬ ਦੇ ਲੋਕ ਭਾਜਪਾ ਦੇ ਟ੍ਰੈਕ ਰਿਕਾਰਡ ਤੋਂ ਪੂਰੀ ਤਰ੍ਹਾਂ ਜਾਣੂ ਹਨ ਅਤੇ ਉਹ ਨਾਅਰਿਆਂ ਅਤੇ ਸਿਆਸੀ ਪ੍ਰਚਾਰ ਤੋਂ ਗੁੰਮਰਾਹ ਨਹੀਂ ਹੋਣਗੇ। ਪੰਜਾਬੀਆਂ ਨੂੰ ਪ੍ਰਧਾਨ ਮੰਤਰੀ ਤੋਂ ਖਾਲੀ ਭਾਸ਼ਣਾਂ ਅਤੇ ਚੁਣੀ ਹੋਈ ਪੰਜਾਬ ਸਰਕਾਰ ‘ਤੇ ਝੂਠੇ ਦੋਸ਼ਾਂ ਦੀ ਆਸ ਨਹੀਂ, ਸਗੋਂ ਜਵਾਬਦੇਹੀ, ਇਨਸਾਫ਼ ਅਤੇ ਅਸਲ ਹੱਲ ਦੀ ਉਮੀਦ ਹੈ।”

Leave a Comment

Your email address will not be published. Required fields are marked *

Scroll to Top