ਵਿਜੀਲੈਂਸ ਬਿਊਰੋ ਨੇ ਏਐਸਆਈ ਨੂੰ 30,000 ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕੀਤਾ ਕਾਬੂ


ਸੂਬੇ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਵਿੱਢੀ ਮੁਹਿੰਮ ਤਹਿਤ ਪੰਜਾਬ ਵਿਜੀਲੈਂਸ ਬਿਊਰੋ ਨੇ ਸਦਰ ਥਾਣਾ ਮੋਰਿੰਡਾ ਵਿਖੇ ਤਾਇਨਾਤ ਸਹਾਇਕ ਸਬ-ਇੰਸਪੈਕਟਰ (ਏਐਸਆਈ) ਅਵਤਾਰ ਸਿੰਘ ਨੂੰ 30,000 ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਰਾਜ ਵਿਜੀਲੈਂਸ ਬਿਓਰੋ ਦੇ ਬੁਲਾਰੇ ਨੇ ਦੱਸਿਆ ਕਿ ਉਕਤ ਦੋਸ਼ੀ ਨੂੰ ਪਿੰਡ ਚਤਾਮਾਲਾ, ਤਹਿਸੀਲ ਮੋਰਿੰਡਾ, ਜਿਲਾ ਰੋਪੜ ਦੇ ਵਸਨੀਕ ਦੀ ਸ਼ਿਕਾਇਤ ਦੇ ਅਧਾਰ ‘ਤੇ ਕਾਬੂ ਕੀਤਾ ਗਿਆ ਹੈ।

ਉਨ੍ਹਾਂ ਦੱਸਿਆ ਕਿ ਸ਼ਿਕਾਇਤਕਰਤਾ ਕਿਸਾਨ ਹੈ। ਉਸ ਦੇ ਮਰਹੂਮ ਪਿਤਾ ਨੇ ਵਕਫ਼ ਬੋਰਡ ਤੋਂ ਲਗਭਗ 6 ਏਕੜ ਜ਼ਮੀਨ 99 ਸਾਲ ਦੇ ਲੀਜ਼ ‘ਤੇ ਲਈ ਸੀ, ਜਿਸ ‘ਤੇ ਉਹ ਹੁਣ ਖੇਤੀ ਕਰਦਾ ਹੈ। ਝਗੜਾ ਉਦੋਂ ਸ਼ੁਰੂ ਹੋ ਗਿਆ ਜਦੋਂ ਦੂਜੀ ਧਿਰ ਦੇ ਮੈਂਬਰ ਤੇਜਪਾਲ ਸਿੰਘ ਨੇ ਜ਼ਮੀਨ ਦੇ ਕੁਝ ਹਿੱਸੇ ’ਤੇ ਜ਼ਬਰਦਸਤੀ ਵਾਹੀ ਕੀਤੀ ਅਤੇ ਦੋ ਏਕੜ ਮੱਕੀ ਦੀ ਫ਼ਸਲ ਨੂੰ ਤਬਾਹ ਕਰ ਦਿੱਤਾ।

ਇਸ ਸਬੰਧੀ ਸ਼ਿਕਾਇਤਕਰਤਾ ਨੇ ਸ਼ਿਕਾਇਤ ਦਰਜ ਕਰਵਾਈ ਹੈ। ਉਧਰ, ਪੁਲੀਸ ਨੇ ਤੇਜਪਾਲ ਸਿੰਘ ਦੀ ਦਰਖਾਸਤ ’ਤੇ ਕਾਰਵਾਈ ਕਰਦਿਆਂ ਸ਼ਿਕਾਇਤਕਰਤਾ ਅਤੇ ਉਸ ਦੀ ਮਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਮਾਮਲੇ ਦੀ ਜਾਂਚ ਮੁਲਜ਼ਮ ਏਐਸਆਈ ਅਵਤਾਰ ਸਿੰਘ ਕਰ ਰਹੇ ਸਨ।

ਬੁਲਾਰੇ ਨੇ ਦੱਸਿਆ ਕਿ ਏ.ਐਸ.ਆਈ ਅਵਤਾਰ ਸਿੰਘ ਨੇ ਸ਼ਿਕਾਇਤਕਰਤਾ ਦੀ ਮਾਂ ਦਾ ਨਾਮ ਕੇਸ ਵਿੱਚੋਂ ਹਟਾਉਣ ਲਈ 50,000 ਰੁਪਏ ਦੀ ਰਿਸ਼ਵਤ ਦੀ ਮੰਗ ਕੀਤੀ ਸੀ। ਬੇਨਤੀ ਕਰਨ ‘ਤੇ ਏਐਸਆਈ ਅਵਤਾਰ ਸਿੰਘ 35,000 ਰੁਪਏ ਰਿਸ਼ਵਤ ਲੈਣ ਲਈ ਰਾਜ਼ੀ ਹੋ ਗਿਆ। ਉਹ ਪਹਿਲਾਂ ਹੀ ਸ਼ਿਕਾਇਤਕਰਤਾ ਤੋਂ 5,000 ਰੁਪਏ ਰਿਸ਼ਵਤ ਲੈ ਚੁੱਕਾ ਸੀ ਅਤੇ ਬਾਕੀ 30,000 ਰੁਪਏ ਦੀ ਮੰਗ ਕਰ ਚੁੱਕਾ ਸੀ।

ਸ਼ਿਕਾਇਤਕਰਤਾ ਰਿਸ਼ਵਤ ਦੀ ਬਾਕੀ ਰਕਮ ਦੇਣ ਲਈ ਤਿਆਰ ਨਹੀਂ ਸੀ, ਇਸ ਲਈ ਉਸ ਨੇ ਵਿਜੀਲੈਂਸ ਬਿਊਰੋ ਦੇ ਫਲਾਇੰਗ ਸਕੁਐਡ, ਐਸ.ਏ.ਐਸ.ਨਗਰ ਨਾਲ ਸੰਪਰਕ ਕੀਤਾ। ਉਸ ਦੀ ਸ਼ਿਕਾਇਤ ’ਤੇ ਕਾਰਵਾਈ ਕਰਦਿਆਂ ਵਿਜੀਲੈਂਸ ਬਿਊਰੋ ਦੀ ਟੀਮ ਨੇ ਜਾਲ ਵਿਛਾਇਆ, ਜਿਸ ਦੌਰਾਨ ਮੁਲਜ਼ਮ ਏ.ਐਸ.ਆਈ. ਉਸ ਨੂੰ ਦੋ ਸਰਕਾਰੀ ਗਵਾਹਾਂ ਦੀ ਹਾਜ਼ਰੀ ਵਿੱਚ ਸ਼ਿਕਾਇਤਕਰਤਾ ਤੋਂ 30,000 ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਗਿਆ।

ਮੁਲਜ਼ਮ ਖ਼ਿਲਾਫ਼ ਵਿਜੀਲੈਂਸ ਬਿਓਰੋ ਦੇ ਥਾਣਾ ਐਸ.ਏ.ਐਸ.ਨਗਰ ਵਿਖੇ ਭ੍ਰਿਸ਼ਟਾਚਾਰ ਰੋਕੂ ਐਕਟ ਤਹਿਤ ਮੁਕੱਦਮਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Leave a Comment

Your email address will not be published. Required fields are marked *

Scroll to Top