ਚੰਡੀਗੜ੍ਹ 1 ਜੁਲਾਈ; ਪੰਜਾਬ ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੇ ਪਾਕਿਸਤਾਨ ਦੇ ਫਾਰੂਕਾਬਾਦ ਵਿੱਚ ਭੂ-ਮਾਫੀਆ ਵੱਲੋਂ 125 ਸਾਲ ਪੁਰਾਣੇ ਇਤਿਹਾਸਕ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਦੇ ਇੱਕ ਹਿੱਸੇ ਨੂੰ ਢਾਹੇ ਜਾਣ ਦੀ ਘਟਨਾ ਨੂੰ ਗੰਭੀਰ ਦੱਸਿਆ ਹੈ। ਉਨ੍ਹਾਂ ਇਸ ਮੰਦਭਾਗੀ ਕਾਰਵਾਈ ਲਈ ਪਾਕਿਸਤਾਨ ਸਰਕਾਰ ਦੀ ਸਖ਼ਤ ਨਿਖੇਧੀ ਕੀਤੀ।
ਢਿੱਲੋਂ ਨੇ ਕਿਹਾ ਕਿ ਇਸ ਇਮਾਰਤ ਨੂੰ ਪਾਕਿਸਤਾਨ ਸਰਕਾਰ ਨੇ ਖੁਦ ‘ਇਤਿਹਾਸਕ ਸਮਾਰਕ’ ਐਲਾਨਿਆ ਹੋਇਆ ਹੈ ਅਤੇ ਇਸ ਨੂੰ ਢਾਹੁਣ ‘ਤੇ ਮੁਕੰਮਲ ਪਾਬੰਦੀ ਹੈ। ਇਸ ਦੇ ਬਾਵਜੂਦ ਸਿੱਖਾਂ ਦੀ ਇਤਿਹਾਸਕ ਵਿਰਾਸਤ ਨੂੰ ਨੁਕਸਾਨ ਪਹੁੰਚਾਉਣ ਦਾ ਮਾਮਲਾ ਮੰਦਭਾਗਾ ਹੈ।
ਢਿੱਲੋਂ ਨੇ ਪਾਕਿਸਤਾਨ ‘ਚ ਸਿੱਖਾਂ ਦੀ ਮੌਜੂਦਾ ਸਥਿਤੀ ‘ਤੇ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਪਾਕਿਸਤਾਨੀ ਪੰਜਾਬ ‘ਚ ਸਿੱਖਾਂ ‘ਤੇ ਹਮਲੇ ਅਤੇ ਤਸ਼ੱਦਦ ਦੇ ਮਾਮਲੇ ਲਗਾਤਾਰ ਸਾਹਮਣੇ ਆ ਰਹੇ ਹਨ। ਕੁਝ ਦਿਨ ਪਹਿਲਾਂ ਹੀ ਗੁਰੂ ਘਰ ਦੇ ਸੇਵਾਦਾਰ ਅਤੇ ਉਸ ਦੀ ਪਤਨੀ ਦਾ ਉਥੇ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਸੀ। ਇਸੇ ਤਰ੍ਹਾਂ ਗੁਰੂ ਘਰਾਂ ‘ਤੇ ਹਮਲਿਆਂ ਦੀਆਂ ਖ਼ਬਰਾਂ ਰੋਜ਼ਾਨਾ ਆ ਰਹੀਆਂ ਹਨ, ਜੋ ਕਿ ਬੇਹੱਦ ਚਿੰਤਾਜਨਕ ਅਤੇ ਅਸਹਿ ਹੈ।
ਉਨ੍ਹਾਂ ਕਿਹਾ ਕਿ ਪਾਕਿਸਤਾਨ ਸਰਕਾਰ ਨੂੰ ਸਿੱਖ ਭਾਵਨਾਵਾਂ ਨਾਲ ਸਬੰਧਤ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਣਾ ਚਾਹੀਦਾ ਹੈ ਅਤੇ ਗੁਰੂ ਘਰ ਦੀ ਇਮਾਰਤ ਨੂੰ ਢਾਹੁਣਾ ਬੰਦ ਕਰਨਾ ਚਾਹੀਦਾ ਹੈ।
ਉਨ੍ਹਾਂ ਕਿਹਾ ਕਿ ਸਿੱਖ ਭਾਈਚਾਰਾ ਪਾਕਿਸਤਾਨ ਵਿੱਚ ਘੱਟ ਗਿਣਤੀ ਵਿੱਚ ਹੈ, ਇਸ ਲਈ ਉਨ੍ਹਾਂ ਦੇ ਬੁਨਿਆਦੀ ਹੱਕਾਂ, ਜਾਨ-ਮਾਲ ਅਤੇ ਸਾਰੇ ਇਤਿਹਾਸਕ ਗੁਰੂ-ਘਰਾਂ ਅਤੇ ਸਿੱਖ ਵਿਰਾਸਤੀ ਇਮਾਰਤਾਂ ਦੀ ਸੁਰੱਖਿਆ ਹਰ ਹਾਲਤ ਵਿੱਚ ਯਕੀਨੀ ਬਣਾਈ ਜਾਵੇ।
