ਬਠਿੰਡਾ ‘ਚ ਥੋੜ੍ਹੇ ਜਿਹੇ ਮੁਕਾਬਲੇ ਤੋਂ ਬਾਅਦ ਚਾਰ ਮੁਲਜ਼ਮ ਗ੍ਰਿਫ਼ਤਾਰ; ਦੋ ਪਿਸਤੌਲ ਬਰਾਮਦ ਕੀਤੇ



**- ਅਪਰਾਧਿਕ ਨੈਟਵਰਕ ਨਾਲ ਸਬੰਧਤ ਤਾਜ਼ਾ ਅਪਰਾਧਿਕ ਮਾਮਲਿਆਂ ਵਿੱਚ ਲੋੜੀਂਦੇ ਗ੍ਰਿਫਤਾਰ ਮੁਲਜ਼ਮ: ਡੀਜੀਪੀ ਗੌਰਵ ਯਾਦਵ**

**- ਗ੍ਰਿਫਤਾਰ ਕੀਤੇ ਗਏ ਦੋਸ਼ੀ ਆਪਣੇ ਵਿਰੋਧੀ ਗੈਂਗ ਦੇ ਮੈਂਬਰ ਨੂੰ ਮਾਰਨ ਜਾ ਰਹੇ ਸਨ: ADGP AGTF ਪ੍ਰਮੋਦ ਬਾਨ**

ਚੰਡੀਗੜ੍ਹ/ਬਠਿੰਡਾ, 30 ਜੂਨ:

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਪੰਜਾਬ ਨੂੰ ਸੁਰੱਖਿਅਤ ਸੂਬਾ ਬਣਾਉਣ ਲਈ ਵਿੱਢੀ ਮੁਹਿੰਮ ਦੌਰਾਨ ਵੱਡੀ ਸਫਲਤਾ ਹਾਸਲ ਕਰਦੇ ਹੋਏ ਐਂਟੀ ਗੈਂਗਸਟਰ ਟਾਸਕ ਫੋਰਸ (ਏ.ਜੀ.ਟੀ.ਐੱਫ.) ਪੰਜਾਬ ਨੇ ਬਠਿੰਡਾ ਦੇ ਸਰਹਿੰਦ ਕੈਨਾਲ ਲਿੰਕ ਰੋਡ ਨੇੜੇ ਇੱਕ ਸੰਖੇਪ ਮੁਕਾਬਲੇ ਤੋਂ ਬਾਅਦ ਚਾਰ ਮੁਲਜ਼ਮਾਂ ਨੂੰ ਦੋ ਆਧੁਨਿਕ ਪਿਸਤੌਲਾਂ ਸਮੇਤ ਕਾਬੂ ਕੀਤਾ ਹੈ। ਇਹ ਜਾਣਕਾਰੀ ਅੱਜ ਇੱਥੇ ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ) ਪੰਜਾਬ ਗੌਰਵ ਯਾਦਵ ਨੇ ਦਿੱਤੀ।

ਮੁਲਜ਼ਮਾਂ ਦੀ ਪਛਾਣ ਗੁਰਦੀਪ ਸਿੰਘ ਉਰਫ਼ ਕਾਲਾ, ਸੁਖਚੈਨ ਸਿੰਘ ਉਰਫ਼ ਪਿੱਲਾ ਅਤੇ ਗੁਰਵਿੰਦਰ ਸਿੰਘ ਉਰਫ਼ ਮਾਨਾ ਸਾਰੇ ਵਾਸੀ ਪਿੰਡ ਸਲਾਬਤਪੁਰਾ ਜ਼ਿਲ੍ਹਾ ਬਠਿੰਡਾ ਅਤੇ ਜਸ਼ਨਪ੍ਰੀਤ ਉਰਫ਼ ਜੱਸੀ ਵਾਸੀ ਪਿੰਡ ਦੁੱਲੇਵਾਲਾ ਜ਼ਿਲ੍ਹਾ ਬਠਿੰਡਾ ਵਜੋਂ ਹੋਈ ਹੈ। ਬਰਾਮਦ ਕੀਤੇ ਗਏ ਹਥਿਆਰਾਂ ਵਿੱਚ ਇੱਕ 9mm ਗਲਾਕ ਅਤੇ ਇੱਕ .30 ਬੋਰ ਦਾ ਪਿਸਤੌਲ ਜਿਸ ਵਿੱਚ ਪੰਜ ਜਿੰਦਾ ਕਾਰਤੂਸ ਅਤੇ ਦੋ ਖੋਲ ਸਨ।

ਪੁਲੀਸ ਟੀਮਾਂ ਨੇ ਹਥਿਆਰਾਂ ਦੀ ਬਰਾਮਦਗੀ ਤੋਂ ਇਲਾਵਾ ਮੁਲਜ਼ਮਾਂ ਦੇ ਦੋ ਮੋਟਰਸਾਈਕਲ ਵੀ ਕਬਜ਼ੇ ਵਿੱਚ ਲਏ ਹਨ, ਜਿਨ੍ਹਾਂ ਵਿੱਚ ਇੱਕ ਰਾਇਲ ਐਨਫੀਲਡ ਬੁਲੇਟ ਅਤੇ ਇੱਕ ਹੀਰੋ ਸਪਲੈਂਡਰ ਸ਼ਾਮਲ ਹੈ, ਜਿਸ ’ਤੇ ਉਹ ਸਵਾਰ ਸਨ।

ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਮੁਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮ ਇੱਕ ਅਪਰਾਧਿਕ ਨੈੱਟਵਰਕ ਨਾਲ ਸਬੰਧਤ ਹਨ ਅਤੇ ਬਠਿੰਡਾ ਦੇ ਭਗਤਾ ਭਾਈਕਾ ਥਾਣੇ ਵਿੱਚ ਹਾਲ ਹੀ ਵਿੱਚ ਦਰਜ ਹੋਏ ਇੱਕ ਅਪਰਾਧਿਕ ਮਾਮਲੇ ਵਿੱਚ ਲੋੜੀਂਦੇ ਸਨ।

ਡੀਜੀਪੀ ਨੇ ਕਿਹਾ ਕਿ ਮਾਮਲੇ ਦੇ ਹੋਰ ਮੁਲਜ਼ਮਾਂ ਦੀ ਪਛਾਣ ਕਰਨ ਅਤੇ ਵਿਆਪਕ ਅਪਰਾਧਿਕ ਨੈੱਟਵਰਕ ਦਾ ਪਰਦਾਫਾਸ਼ ਕਰਨ ਲਈ ਅੱਗੇ ਦੀ ਜਾਂਚ ਕੀਤੀ ਜਾ ਰਹੀ ਹੈ।

ਇਸ ਕਾਰਵਾਈ ਦੇ ਵੇਰਵੇ ਸਾਂਝੇ ਕਰਦਿਆਂ ਵਧੀਕ ਡਾਇਰੈਕਟਰ ਜਨਰਲ ਆਫ਼ ਪੁਲਿਸ (ਏਡੀਜੀਪੀ) ਏਜੀਟੀਐਫ ਪ੍ਰਮੋਦ ਬਾਨ ਨੇ ਦੱਸਿਆ ਕਿ ਇੱਕ ਠੋਸ ਸੂਚਨਾ ਦੇ ਆਧਾਰ ‘ਤੇ ਏਜੀਟੀਐਫ ਬਠਿੰਡਾ ਦੀ ਪੁਲਿਸ ਟੀਮ ਦੋ ਮੋਟਰਸਾਈਕਲਾਂ ‘ਤੇ ਸਵਾਰ ਚਾਰ ਸ਼ੱਕੀ ਵਿਅਕਤੀਆਂ ਦਾ ਪਿੱਛਾ ਕਰ ਰਹੀ ਸੀ। ਬਠਿੰਡਾ ਦੇ ਪਿੰਡ ਗੋਬਿੰਦਪੁਰਾ ਨੇੜੇ ਸਰਹਿੰਦ ਕੈਨਾਲ ਲਿੰਕ ਰੋਡ ’ਤੇ ਪੁਲੀਸ ਪਾਰਟੀ ਨੂੰ ਦੇਖ ਕੇ ਗ੍ਰਿਫ਼ਤਾਰੀ ਤੋਂ ਬਚਣ ਦੀ ਕੋਸ਼ਿਸ਼ ਵਿੱਚ ਪੁਲੀਸ ਪਾਰਟੀ ’ਤੇ ਗੋਲੀਆਂ ਚਲਾ ਦਿੱਤੀਆਂ।

ਉਨ੍ਹਾਂ ਦੱਸਿਆ ਕਿ ਏਜੀਟੀਐਫ ਦੇ ਜਵਾਨਾਂ ਨੇ ਆਤਮ ਰੱਖਿਆ ਵਿੱਚ ਜਵਾਬੀ ਕਾਰਵਾਈ ਕੀਤੀ ਅਤੇ ਇਸ ਗੋਲੀਬਾਰੀ ਦੌਰਾਨ ਮੁਲਜ਼ਮ ਗੁਰਵਿੰਦਰ ਉਰਫ਼ ਮਾਨਾ ਦੀ ਲੱਤ ਵਿੱਚ ਗੋਲੀ ਲੱਗਣ ਕਾਰਨ ਉਹ ਜ਼ਖ਼ਮੀ ਹੋ ਗਿਆ। ਇਸ ਦੌਰਾਨ ਦੋ ਗੋਲੀਆਂ ਪੁਲੀਸ ਪਾਰਟੀ ਦੀ ਸਰਕਾਰੀ ਮਾਰੂਤੀ ਅਰਟਿਗਾ ਗੱਡੀ ਨੂੰ ਵੀ ਲੱਗੀਆਂ। ਉਨ੍ਹਾਂ ਦੱਸਿਆ ਕਿ ਜ਼ਖ਼ਮੀ ਦਾ ਸਥਾਨਕ ਸਿਵਲ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ।

ਏਡੀਜੀਪੀ ਨੇ ਕਿਹਾ ਕਿ ਮੁਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮ ਆਪਣੇ ਵਿਰੋਧੀ ਗੈਂਗ ਦੇ ਮੈਂਬਰ ਨੂੰ ਮਾਰਨ ਜਾ ਰਹੇ ਸਨ। ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਦਾ ਪੁਰਾਣਾ ਅਪਰਾਧਿਕ ਪਿਛੋਕੜ ਹੈ, ਜਿਨ੍ਹਾਂ ਖ਼ਿਲਾਫ਼ ਕਤਲ ਦੇ ਇਰਾਦੇ ਨਾਲ ਡਕੈਤੀ, ਆਰਮਜ਼ ਐਕਟ, ਐਨਡੀਪੀਐਸ ਐਕਟ ਆਦਿ ਨਾਲ ਸਬੰਧਤ ਕਈ ਅਪਰਾਧਿਕ ਮਾਮਲੇ ਦਰਜ ਹਨ।

ਇਸ ਸਬੰਧੀ ਥਾਣਾ ਕੈਂਟ ਬਠਿੰਡਾ ਵਿਖੇ ਸਬੰਧਤ ਧਾਰਾਵਾਂ ਤਹਿਤ ਪਰਚਾ ਦਰਜ ਕਰ ਲਿਆ ਗਿਆ ਹੈ।

———-

Leave a Comment

Your email address will not be published. Required fields are marked *

Scroll to Top