ਪੰਜਾਬ ਇਤਿਹਾਸ ਦੇ ਸਭ ਤੋਂ ਗੰਭੀਰ ਨੈਤਿਕ ਅਤੇ ਸੰਵਿਧਾਨਕ ਸੰਕਟ ਵਿੱਚੋਂ ਗੁਜ਼ਰ ਰਿਹਾ ਹੈ: ਕੇਵਲ ਸਿੰਘ ਢਿੱਲੋਂ


ਭਗਵੰਤ ਮਾਨ ਤੁਰੰਤ ਅਸਤੀਫਾ ਦੇਣ, ਅਰਵਿੰਦ ਕੇਜਰੀਵਾਲ ਜਵਾਬ ਦੇਣ: ਭਾਜਪਾ ਪੰਜਾਬ

ਚੰਡੀਗੜ੍ਹ, 24 ਜੂਨ:
ਭਾਰਤੀ ਜਨਤਾ ਪਾਰਟੀ ਪੰਜਾਬ ਦੇ ਪ੍ਰਧਾਨ ਸਰਦਾਰ ਕੇਵਲ ਸਿੰਘ ਢਿੱਲੋਂ ਨੇ ਕਿਹਾ ਕਿ ਅੱਜ ਪੰਜਾਬ ਆਪਣੇ ਇਤਿਹਾਸ ਦੇ ਸਭ ਤੋਂ ਗੰਭੀਰ ਨੈਤਿਕ ਅਤੇ ਸੰਵਿਧਾਨਕ ਸੰਕਟ ਵਿੱਚੋਂ ਗੁਜ਼ਰ ਰਿਹਾ ਹੈ। ਉਨ੍ਹਾਂ ਕਿਹਾ ਕਿ ਤਾਜ਼ਾ ਘਟਨਾਕ੍ਰਮ ਨੇ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਨੂੰ ਪੂਰੀ ਤਰ੍ਹਾਂ ਬੇਨਕਾਬ ਕਰ ਦਿੱਤਾ ਹੈ।

ਢਿੱਲੋਂ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ‘ਗੁਰੂ ਦੋਖੀ’ ਅਤੇ ਪੰਥ ਵਿਰੋਧੀ ਕਰਾਰ ਦਿੱਤੇ ਜਾਣ ਦੇ ਬਾਵਜੂਦ ਕੁਰਸੀ ਨਾਲ ਚਿੰਬੜੇ ਹੋਏ ਹਨ, ਜੋ ਕਿ ਪੰਜਾਬ ਦੀਆਂ ਧਾਰਮਿਕ ਭਾਵਨਾਵਾਂ ਅਤੇ ਮਰਿਆਦਾ ਦਾ ਘੋਰ ਅਪਮਾਨ ਹੈ।

ਗੁਰੂਗ੍ਰਾਮ ‘ਚ ਦਰਜ FIR ਮਾਮਲੇ ਦਾ ਹਵਾਲਾ ਦਿੰਦਿਆਂ ਢਿੱਲੋਂ ਨੇ ਦੋਸ਼ ਲਾਇਆ ਕਿ ਸਰਕਾਰੀ ਅਧਿਕਾਰੀਆਂ ਨੇ ਝੂਠੀ ਫੋਰੈਂਸਿਕ ਰਿਪੋਰਟ ਤਿਆਰ ਕਰਨ ਲਈ 10 ਲੱਖ ਰੁਪਏ ਅਦਾ ਕੀਤੇ, ਤਾਂ ਜੋ ਸੱਚ ਨੂੰ ਛੁਪਾਇਆ ਜਾ ਸਕੇ ਅਤੇ ਸਿੱਖ ਪੰਥ ਨੂੰ ਗੁੰਮਰਾਹ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਇਹ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਧੋਖਾ ਦੇਣ ਦੀ ਕੋਸ਼ਿਸ਼ ਹੈ।

ਢਿੱਲੋਂ ਨੇ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਸਤਿਕਾਰ, ਮਰਿਆਦਾ ਅਤੇ ਹੁਕਮ ਕਿਸੇ ਵੀ ਸਿਆਸੀ ਕੁਰਸੀ ਤੋਂ ਵੱਧ ਹੈ। ਉਨ੍ਹਾਂ ਕਿਹਾ ਕਿ ਅਕਾਲ ਤਖ਼ਤ ਸਾਹਿਬ ਦਾ ਸਤਿਕਾਰ ਕਿਸੇ ਵੀ ਸਿਆਸੀ ਅਹੁਦੇ ਜਾਂ ਕੁਰਸੀ ਤੋਂ ਉੱਪਰ ਹੈ।

ਢਿੱਲੋਂ ਨੇ ਅਰਵਿੰਦ ਕੇਜਰੀਵਾਲ ਨੂੰ ਵੀ ਘੇਰਦਿਆਂ ਕਿਹਾ ਕਿ ਜਿਹੜੇ ਲੋਕ ਪਹਿਲਾਂ ਭਗਵੰਤ ਮਾਨ ਦਾ ਬਚਾਅ ਕਰਨ ਲਈ ਅੱਗੇ ਆਉਂਦੇ ਸਨ, ਉਹ ਅੱਜ ਚੁੱਪ ਹਨ। ਉਨ੍ਹਾਂ ਕਿਹਾ ਕਿ ਕੇਜਰੀਵਾਲ ਦੀ ਚੁੱਪੀ ਉਨ੍ਹਾਂ ਦੀ ਮਿਲੀਭੁਗਤ ਨੂੰ ਦਰਸਾਉਂਦੀ ਹੈ।

ਢਿੱਲੋਂ ਨੇ ਕਿਹਾ ਕਿ ਹੁਣ ਹਰ ਮੰਤਰੀ, ਹਰ ਵਿਧਾਇਕ ਅਤੇ ਹਰ ਸਰਕਾਰੀ ਅਧਿਕਾਰੀ ਨੇ ਫੈਸਲਾ ਕਰਨਾ ਹੈ ਕਿ ਉਹ ਪੰਜਾਬ ਦੀ ਇੱਜ਼ਤ ਅਤੇ ਸੱਚਾਈ ਨਾਲ ਖੜ੍ਹਾ ਹੈ ਜਾਂ “ਗੁਰੂ ਦੋਖੀ” ਦੀ ਕੁਰਸੀ ਨਾਲ।

ਢਿੱਲੋਂ ਨੇ ਮੰਗ ਕੀਤੀ ਕਿ ਭਗਵੰਤ ਮਾਨ ਤੁਰੰਤ ਅਸਤੀਫਾ ਦੇਣ ਅਤੇ ਅਰਵਿੰਦ ਕੇਜਰੀਵਾਲ ਪੰਜਾਬ ਦੇ ਲੋਕਾਂ ਨੂੰ ਜਵਾਬ ਦੇਣ।

ਉਨ੍ਹਾਂ ਦੁਹਰਾਇਆ ਕਿ ਭਾਜਪਾ ਪੰਜਾਬ ਸੱਚ, ਇਨਸਾਫ਼ ਅਤੇ ਪੰਜਾਬ ਦੀਆਂ ਪਵਿੱਤਰ ਸੰਸਥਾਵਾਂ ਦੇ ਮਾਣ-ਸਨਮਾਨ ਦੀ ਰਾਖੀ ਲਈ ਹਰ ਪੱਧਰ ‘ਤੇ ਆਵਾਜ਼ ਬੁਲੰਦ ਕਰਦੀ ਰਹੇਗੀ।

Leave a Comment

Your email address will not be published. Required fields are marked *

Scroll to Top