*ਕੈਬਨਿਟ ਮੰਤਰੀ ਵੱਲੋਂ 33.51 ਕਰੋੜ ਰੁਪਏ ਦੀ ਲਾਗਤ ਨਾਲ ਮੁਕੰਮਲ ਕੀਤੇ ਗਏ ਤਿੰਨ ਪ੍ਰੋਜੈਕਟਾਂ ਦਾ ਉਦਘਾਟਨ
*8.89 ਕਰੋੜ ਰੁਪਏ ਦੇ VR ਪੁਲ ਦਾ ਨੀਂਹ ਪੱਥਰ ਰੱਖਿਆ*
*ਇਸ ਤੋਂ ਇਲਾਵਾ 3.34 ਕਰੋੜ ਰੁਪਏ ਦੇ ਤਿੰਨ ਭੂਮੀਗਤ ਪਾਈਪਲਾਈਨ ਅਤੇ ਜਲ-ਗ੍ਰਸਤ ਭੂਮੀ ਸੁਧਾਰ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ ਗਿਆ*
*ਚੰਡੀਗੜ੍ਹ/ਫਾਜ਼ਿਲਕਾ, 23 ਜੂਨ:*
ਪੰਜਾਬ ਦੇ ਜਲ ਸਰੋਤ ਅਤੇ ਭੂਮੀ ਅਤੇ ਜਲ ਸੰਭਾਲ ਮੰਤਰੀ ਸ. ਬਰਿੰਦਰ ਕੁਮਾਰ ਗੋਇਲ ਨੇ ਅੱਜ ਫਾਜ਼ਿਲਕਾ ਵਿਧਾਨ ਸਭਾ ਹਲਕੇ ਦੇ ਲੋਕਾਂ ਨੂੰ ਕਰੀਬ 45.74 ਕਰੋੜ ਰੁਪਏ ਦੇ ਸੱਤ ਸਿੰਚਾਈ ਅਤੇ ਬੁਨਿਆਦੀ ਢਾਂਚੇ ਦੇ ਪ੍ਰੋਜੈਕਟ ਸਮਰਪਿਤ ਕੀਤੇ। ਉਨ੍ਹਾਂ ਨੇ 33.51 ਕਰੋੜ ਰੁਪਏ ਦੀ ਲਾਗਤ ਨਾਲ ਮੁਕੰਮਲ ਕੀਤੇ ਗਏ ਤਿੰਨ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ। ਉਨ੍ਹਾਂ ਨੇ ਸਤਲੁਜ ਦਰਿਆ ਦੀ ਕਰੀਕ ਉੱਤੇ 8.89 ਕਰੋੜ ਰੁਪਏ ਦੇ ਵੀਆਰ ਬ੍ਰਿਜ ਅਤੇ ਸੋਲਰ ਪੰਪਾਂ ਦੁਆਰਾ ਸੰਚਾਲਿਤ ਵਰਟੀਕਲ ਡਰੇਨੇਜ ਸਿਸਟਮ ਰਾਹੀਂ ਜ਼ਮੀਨਦੋਜ਼ ਪਾਈਪਲਾਈਨ ਸਿੰਚਾਈ ਅਤੇ ਸੇਮ ਨਾਲ ਭਰੀ ਜ਼ਮੀਨ ਨੂੰ ਮੁੜ ਪ੍ਰਾਪਤ ਕਰਨ ਨਾਲ ਸਬੰਧਤ 3.34 ਕਰੋੜ ਰੁਪਏ ਦੇ ਤਿੰਨ ਪ੍ਰੋਜੈਕਟਾਂ ਦਾ ਨੀਂਹ ਪੱਥਰ ਵੀ ਰੱਖਿਆ।
ਇਨ੍ਹਾਂ ਪ੍ਰੋਜੈਕਟਾਂ ਵਿੱਚ 42.56 ਕਿਲੋਮੀਟਰ ਨਹਿਰਾਂ ਦੀ ਕੰਕਰੀਟ ਲਾਈਨਿੰਗ, 81.36 ਕਿਲੋਮੀਟਰ ਵਾਟਰ ਕੋਰਸਾਂ ਦੀ ਇੱਟ ਲਾਈਨਿੰਗ, ਕਮਿਊਨਿਟੀ ਅੰਡਰਗਰਾਊਂਡ ਪਾਈਪਲਾਈਨ ਸਿੰਚਾਈ ਯੋਜਨਾ ਅਤੇ ਸੇਮ ਨਾਲ ਭਰੀ ਜ਼ਮੀਨ ਨੂੰ ਮੁੜ ਪ੍ਰਾਪਤ ਕਰਨ ਨਾਲ ਸਬੰਧਤ ਕੰਮ ਸ਼ਾਮਲ ਹਨ।
ਕੈਬਨਿਟ ਮੰਤਰੀ ਨੇ ਕਿਹਾ ਕਿ ਇਨ੍ਹਾਂ ਪ੍ਰੋਜੈਕਟਾਂ ਦਾ ਉਦੇਸ਼ ਨਹਿਰੀ ਪਾਣੀ ਦੀ ਕੁਸ਼ਲ ਵੰਡ ਨੂੰ ਯਕੀਨੀ ਬਣਾਉਣਾ ਅਤੇ ਟੇਲ-ਐਂਡ ਖੇਤਰਾਂ ਤੱਕ ਸਿੰਚਾਈ ਦੇ ਪਾਣੀ ਦੀ ਸਪਲਾਈ ਨੂੰ ਮਜ਼ਬੂਤ ਕਰਨਾ ਹੈ। ਇਸ ਮੌਕੇ ਫਾਜ਼ਿਲਕਾ ਦੇ ਵਿਧਾਇਕ ਸ੍ਰੀ ਨਰਿੰਦਰਪਾਲ ਸਿੰਘ ਸਵਨਾ ਵੀ ਹਾਜ਼ਰ ਸਨ।
ਇਕੱਠ ਨੂੰ ਸੰਬੋਧਨ ਕਰਦਿਆਂ ਸ. ਬਰਿੰਦਰ ਕੁਮਾਰ ਗੋਇਲ ਨੇ ਦੱਸਿਆ ਕਿ ਜਲ ਸਰੋਤ ਵਿਭਾਗ ਨੇ ਫਿਰੋਜ਼ਪੁਰ ਕੈਨਾਲ ਸਰਕਲ ਅਧੀਨ ਨਹਿਰੀ ਲਾਈਨਿੰਗ ਅਤੇ ਵਾਟਰਕੋਰਸ ਲਾਈਨਿੰਗ ਦੇ ਕੰਮ ਮੁਕੰਮਲ ਕਰ ਲਏ ਹਨ, ਜਿਸ ਦੇ ਨਤੀਜੇ ਵਜੋਂ ਨਹਿਰਾਂ ਰਾਹੀਂ ਪਾਣੀ ਦੇ ਵਹਾਅ ਵਿੱਚ ਸੁਧਾਰ ਹੋਇਆ ਹੈ ਅਤੇ ਟੇਲਾਂ ਦੇ ਸਿਰਿਆਂ ‘ਤੇ ਪਾਣੀ ਦੀ ਉਪਲਬਧਤਾ ਵਿੱਚ ਮਹੱਤਵਪੂਰਨ ਵਾਧਾ ਹੋਇਆ ਹੈ। ਉਸਨੇ ਅੱਗੇ ਕਿਹਾ ਕਿ ਮਿੱਟੀ ਦੇ ਜਲ ਮਾਰਗਾਂ ਦੀ ਮੁਰੰਮਤ ਅਤੇ ਲਾਈਨਿੰਗ ਨੇ ਕਿਸਾਨਾਂ ਨੂੰ ਨਹਿਰੀ ਪਾਣੀ ਦੀ ਵੱਡੀ ਅਤੇ ਵਧੇਰੇ ਭਰੋਸੇਮੰਦ ਸਪਲਾਈ ਪ੍ਰਾਪਤ ਕਰਨ ਦੇ ਯੋਗ ਬਣਾਇਆ ਹੈ।
ਉਨ•ਾਂ ਅੱਗੇ ਕਿਹਾ ਕਿ ਮੁੱਖ ਮੰਤਰੀ ਸ.ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਨੇ ਨਹਿਰੀ ਪਾਣੀ ਨੂੰ ਟੇਲਾਂ ਵਾਲੇ ਖੇਤਰਾਂ ਤੱਕ ਪਹੁੰਚਾਉਣਾ ਯਕੀਨੀ ਬਣਾਉਣ ਨੂੰ ਮੁੱਖ ਤਰਜੀਹ ਦਿੱਤੀ ਹੈ। ਨਤੀਜੇ ਵਜੋਂ, ਟੇਲਾਂ ਦੇ ਸਿਰਿਆਂ ‘ਤੇ ਪਾਣੀ ਦੀ ਉਪਲਬਧਤਾ 26 ਪ੍ਰਤੀਸ਼ਤ ਤੋਂ ਵੱਧ ਕੇ 80 ਪ੍ਰਤੀਸ਼ਤ ਹੋ ਗਈ ਹੈ, ਜੋ ਕਿ ਪੰਜਾਬ ਦੇ ਇਤਿਹਾਸ ਵਿੱਚ ਪਹਿਲੀ ਵਾਰ ਇੱਕ ਮੀਲ ਪੱਥਰ ਹੈ।
ਬਾਅਦ ਵਿੱਚ ਕੈਬਨਿਟ ਮੰਤਰੀ ਨੇ ਸਤਲੁਜ ਦਰਿਆ ਦੀ ਕਰੀਕ ’ਤੇ 8.89 ਕਰੋੜ ਰੁਪਏ ਦੀ ਲਾਗਤ ਵਾਲੇ ਵੀਆਰ ਪੁਲ ਦਾ ਨੀਂਹ ਪੱਥਰ ਰੱਖਿਆ, ਜੋ ਪਿੰਡ ਵਾਲੇ ਸ਼ਾਹ ਉਤਰ (ਨੂਰਸ਼ਾਹ) ਨੂੰ ਵਾਲੇ ਸ਼ਾਹ ਹਿਠਾੜ (ਗੁਲਾਬਾ ਭੈਣੀ) ਨਾਲ ਜੋੜੇਗਾ। ਉਨ੍ਹਾਂ ਕਿਹਾ ਕਿ ਲਗਭਗ 370 ਫੁੱਟ ਲੰਬਾਈ ਵਾਲੇ ਪੁਲ ਦੇ ਜੂਨ 2027 ਤੱਕ ਮੁਕੰਮਲ ਹੋਣ ਦੀ ਉਮੀਦ ਹੈ। ਇੱਕ ਵਾਰ ਮੁਕੰਮਲ ਹੋਣ ਤੋਂ ਬਾਅਦ ਇਹ 11 ਤੋਂ 12 ਪਿੰਡਾਂ ਦੇ ਵਸਨੀਕਾਂ ਲਈ ਸੁਚਾਰੂ ਸੰਪਰਕ ਦੀ ਸਹੂਲਤ ਪ੍ਰਦਾਨ ਕਰੇਗਾ, ਜਿਸ ਵਿੱਚ ਵਾਲੇ ਸ਼ਾਹ ਹਿਠਾੜ, ਗੁਲਾਬਾ ਭੈਣੀ, ਰੇਤੇ ਵਾਲੀ ਭੈਣੀ ਅਤੇ ਗੱਟੀ ਨੰਬਰ 1 ਸ਼ਾਮਲ ਹਨ, ਜਦਕਿ ਆਲਾਬਾਦ ਦੀ ਦੂਰੀ 5 ਕਿਲੋਮੀਟਰ ਤੋਂ ਘਟਾ ਕੇ 02 ਕਿਲੋਮੀਟਰ ਹੋ ਜਾਵੇਗੀ।
ਕੈਬਨਿਟ ਮੰਤਰੀ ਨੇ ਇੱਕ ਪ੍ਰੋਜੈਕਟ ਦਾ ਉਦਘਾਟਨ ਵੀ ਕੀਤਾ ਅਤੇ ਭੂਮੀ ਅਤੇ ਜਲ ਸੰਭਾਲ ਵਿਭਾਗ ਅਧੀਨ 3.64 ਕਰੋੜ ਰੁਪਏ ਦੇ ਤਿੰਨ ਪ੍ਰੋਜੈਕਟਾਂ ਦਾ ਨੀਂਹ ਪੱਥਰ ਵੀ ਰੱਖਿਆ। ਇਨ੍ਹਾਂ ਵਿੱਚ ਮੋਘਾ ਨੰਬਰ 67800 ਵਿਖੇ 30 ਲੱਖ ਰੁਪਏ ਦੀ ਲਾਗਤ ਵਾਲੇ ਕਮਿਊਨਿਟੀ ਅੰਡਰਗਰਾਊਂਡ ਪਾਈਪਲਾਈਨ ਪ੍ਰਾਜੈਕਟ ਦਾ ਉਦਘਾਟਨ ਵੀ ਸ਼ਾਮਲ ਹੈ। ਮੋਘਾ ਨੰਬਰ 63997 ਵਿਖੇ 51 ਲੱਖ ਰੁਪਏ ਦੀ ਲਾਗਤ ਨਾਲ ਕਮਿਊਨਿਟੀ ਅੰਡਰਗਰਾਊਂਡ ਪਾਈਪਲਾਈਨ ਪ੍ਰਾਜੈਕਟ, ਪਿੰਡ ਖੂਈ ਖੇੜਾ ਵਿਖੇ 83 ਲੱਖ ਰੁਪਏ ਦੀ ਲਾਗਤ ਨਾਲ ਸੋਲਰ ਪੰਪਾਂ ਰਾਹੀਂ ਸੇਮ ਨਾਲ ਭਰੀ ਜ਼ਮੀਨ ਨੂੰ ਮੁੜ ਪ੍ਰਾਪਤ ਕਰਨ ਲਈ ਵਰਟੀਕਲ ਡਰੇਨੇਜ ਸਿਸਟਮ ਪ੍ਰਾਜੈਕਟ ਅਤੇ ਪਿੰਡ ਲੱਖੇਵਾਲੀ ਢਾਬ ਵਿਖੇ 2 ਕਰੋੜ ਰੁਪਏ ਦੀ ਲਾਗਤ ਵਾਲੇ ਹੋਰ ਪ੍ਰਾਜੈਕਟ ਦੇ ਨੀਂਹ ਪੱਥਰ ਰੱਖੇ ਗਏ।
ਸ਼. ਬਰਿੰਦਰ ਕੁਮਾਰ ਗੋਇਲ ਨੇ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ਦੇ ਸਿੰਚਾਈ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਲਈ ਲਗਾਤਾਰ ਨਿਵੇਸ਼ ਕਰ ਰਹੀ ਹੈ। ਨਹਿਰੀ ਲਾਈਨਿੰਗ, ਵਾਟਰਕੋਰਸ ਲਾਈਨਿੰਗ, ਪਾਈਪਲਾਈਨ ਅਧਾਰਤ ਸਿੰਚਾਈ ਪ੍ਰਣਾਲੀਆਂ ਅਤੇ ਪੁਲਾਂ ਦੀ ਉਸਾਰੀ ਵਰਗੇ ਪ੍ਰੋਜੈਕਟਾਂ ਨਾਲ ਨਾ ਸਿਰਫ਼ ਕਿਸਾਨਾਂ ਲਈ ਸਿੰਚਾਈ ਸਹੂਲਤਾਂ ਵਿੱਚ ਸੁਧਾਰ ਹੋਵੇਗਾ ਸਗੋਂ ਪੇਂਡੂ ਸੰਪਰਕ ਵੀ ਵਧੇਗਾ।
ਇਸ ਮੌਕੇ ਫਾਜ਼ਿਲਕਾ ਦੇ ਵਿਧਾਇਕ ਸ੍ਰੀ ਨਰਿੰਦਰਪਾਲ ਸਿੰਘ ਸਵਨਾ ਨੇ ਕਿਹਾ ਕਿ ਪੰਜਾਬ ਸਰਕਾਰ ਕਿਸਾਨਾਂ ਦੇ ਹਿੱਤਾਂ ਦੀ ਰਾਖੀ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਟੇਲਾਂ ਤੱਕ ਨਹਿਰੀ ਪਾਣੀ ਦੀ ਨਿਰਵਿਘਨ ਸਪਲਾਈ ਨੂੰ ਯਕੀਨੀ ਬਣਾਉਣ ਲਈ ਕਰੋੜਾਂ ਰੁਪਏ ਦੇ ਨਿਵੇਸ਼ ਨਾਲ ਸੂਬੇ ਭਰ ਵਿੱਚ ਜਲ ਮਾਰਗ ਬਣਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਆਉਣ ਵਾਲੇ ਸਾਲਾਂ ਵਿੱਚ ਵੀ ਵਿਕਾਸ ਕਾਰਜਾਂ ਦੀ ਰਫ਼ਤਾਰ ਜਾਰੀ ਰਹੇਗੀ। ਉਨ੍ਹਾਂ ਅੱਗੇ ਕਿਹਾ ਕਿ ਪੰਜਾਬ ਸਰਕਾਰ ਕਿਸਾਨਾਂ ਅਤੇ ਪੇਂਡੂ ਖੇਤਰਾਂ ਦੇ ਸਰਵਪੱਖੀ ਵਿਕਾਸ ਲਈ ਵਚਨਬੱਧ ਹੈ, ਜਿਸ ਵਿੱਚ ਸੂਬੇ ਭਰ ਵਿੱਚ ਵੱਡੇ ਪੱਧਰ ‘ਤੇ ਨਹਿਰੀ ਲਾਈਨਿੰਗ, ਜ਼ਮੀਨਦੋਜ਼ ਪਾਈਪਲਾਈਨ ਨੈੱਟਵਰਕ, ਪੁਲਾਂ ਦੀ ਉਸਾਰੀ ਅਤੇ ਹੋਰ ਬੁਨਿਆਦੀ ਢਾਂਚੇ ਦੇ ਪ੍ਰਾਜੈਕਟ ਚਲਾਏ ਜਾ ਰਹੇ ਹਨ।
