ਮੁਹਾਲੀ ਦੀ ਇੱਕ ਵਿਸ਼ੇਸ਼ ਐਨਆਈਏ ਅਦਾਲਤ ਨੇ ਦੇਸ਼ ਵਿਰੋਧੀ ਗਤੀਵਿਧੀਆਂ, ਗੈਰਕਾਨੂੰਨੀ ਗਤੀਵਿਧੀਆਂ ਰੋਕਥਾਮ ਐਕਟ (ਯੂਏਪੀਏ) ਅਤੇ ਅਸਲਾ ਐਕਟ ਦੇ ਤਹਿਤ ਦਰਜ ਇੱਕ ਇਤਿਹਾਸਕ ਮਾਮਲੇ ਵਿੱਚ 3 ਦੋਸ਼ੀਆਂ ਨੂੰ ਦੋਸ਼ੀ ਠਹਿਰਾਇਆ ਹੈ ਅਤੇ ਉਨ੍ਹਾਂ ਨੂੰ 10-10 ਸਾਲ ਦੀ ਸਖ਼ਤ ਕੈਦ ਅਤੇ ਜੁਰਮਾਨੇ ਦੀ ਸਜ਼ਾ ਸੁਣਾਈ ਹੈ। ਜਾਣਕਾਰੀ ਮੁਤਾਬਕ ਇਹ ਮਾਮਲਾ ਸਾਲ 2018 ‘ਚ ਦਰਜ ਕੀਤਾ ਗਿਆ ਸੀ।ਮੁਢਲੀ ਜਾਂਚ ਦੌਰਾਨ ਜਲੰਧਰ ਪੁਲਸ ਨੇ ਕਾਲਜ ਦੇ ਹੋਸਟਲ ‘ਚ ਛਾਪਾ ਮਾਰ ਕੇ ਦੋਸ਼ੀ ਨੂੰ ਗ੍ਰਿਫਤਾਰ ਕੀਤਾ ਸੀ। ਗ੍ਰਿਫਤਾਰੀ ਸਮੇਂ ਇਨ੍ਹਾਂ ਕੋਲੋਂ ਇਕ ਏ.ਕੇ.-47 ਰਾਈਫਲ, ਦੋ ਮੈਗਜ਼ੀਨ, 54 ਜਿੰਦਾ ਕਾਰਤੂਸ, ਇਕ ਮਾਊਜ਼ਰ ਪਿਸਤੌਲ, 31 ਜਿੰਦਾ ਕਾਰਤੂਸ, ਦੋ ਮੈਗਜ਼ੀਨ ਅਤੇ ਵਿਸਫੋਟਕ ਸਮੱਗਰੀ ਬਰਾਮਦ ਹੋਈ ਹੈ। ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਬਾਅਦ ‘ਚ ਜਾਂਚ NIA ਨੂੰ ਸੌਂਪ ਦਿੱਤੀ ਗਈ ਸੀ। ਸੁਣਵਾਈ ਦੌਰਾਨ ਅਦਾਲਤ ਵਿੱਚ ਕਰੀਬ 66 ਗਵਾਹਾਂ ਦੇ ਬਿਆਨ ਦਰਜ ਕੀਤੇ ਗਏ, ਜਿਸ ਤੋਂ ਬਾਅਦ ਅਦਾਲਤ ਨੇ ਮੁਲਜ਼ਮਾਂ ਨੂੰ ਦੋਸ਼ੀ ਕਰਾਰ ਦਿੱਤਾ। ਮੁਲਜ਼ਮਾਂ ਦੀ ਪਛਾਣ ਜ਼ਾਹਿਦ ਗੁਲਜ਼ਾਰ, ਯਾਸਿਰ ਰਫੀਕ ਭੱਟ, ਮੁਹੰਮਦ ਇਦਰੀਸ ਸ਼ਾਹ ਅਤੇ ਸੁਹੇਲ ਅਹਿਮਦ ਭੱਟ ਵਜੋਂ ਹੋਈ ਹੈ, ਜੋ ਜੰਮੂ-ਕਸ਼ਮੀਰ ਦੇ ਰਹਿਣ ਵਾਲੇ ਹਨ। ਜਾਂਚ ਏਜੰਸੀਆਂ ਮੁਤਾਬਕ ਇਹ ਮੁਲਜ਼ਮ ਪਹਿਲਾਂ ਕਥਿਤ ਤੌਰ ’ਤੇ ਹਿਜ਼ਬੁਲ ਮੁਜਾਹਿਦੀਨ ਨਾਲ ਜੁੜੇ ਹੋਏ ਸਨ ਅਤੇ ਬਾਅਦ ਵਿੱਚ ਆਪਣੀ ਵੱਖਰੀ ਜਥੇਬੰਦੀ ‘ਗ਼ਜ਼ਵਤ-ਉਲ-ਹਿੰਦ (ਏਜੀਐਚ)’ ਬਣਾਈ। ਵਿਸ਼ੇਸ਼ ਐਨਆਈਏ ਅਦਾਲਤ ਦੇ ਇਸ ਫ਼ੈਸਲੇ ਨੂੰ ਦੇਸ਼ ਵਿਰੋਧੀ ਗਤੀਵਿਧੀਆਂ ਖ਼ਿਲਾਫ਼ ਅਹਿਮ ਕਾਨੂੰਨੀ ਕਾਰਵਾਈ ਵਜੋਂ ਦੇਖਿਆ ਜਾ ਰਿਹਾ ਹੈ। ਪੋਸਟ ਬੇਦਾਅਵਾ ਇਸ ਲੇਖ ਵਿੱਚ ਵਿਚਾਰ/ਤੱਥ ਲੇਖਕ ਦੇ ਆਪਣੇ ਹਨ ਅਤੇ geopunjab.com ਇਸਦੇ ਲਈ ਕੋਈ ਜ਼ਿੰਮੇਵਾਰੀ ਜਾਂ ਜ਼ਿੰਮੇਵਾਰੀ ਨਹੀਂ ਲੈਂਦਾ ਹੈ। ਜੇਕਰ ਤੁਹਾਨੂੰ ਇਸ ਲੇਖ ਨਾਲ ਕੋਈ ਸਮੱਸਿਆ ਹੈ ਤਾਂ ਕਿਰਪਾ ਕਰਕੇ ਸਾਡੇ ਸੰਪਰਕ ਪੰਨੇ ‘ਤੇ ਸਾਡੀ ਟੀਮ ਨਾਲ ਸੰਪਰਕ ਕਰੋ।
