ਪਟਿਆਲਾ ਨਿਊਜ਼ : ਵਿਧਾਇਕ ਕੋਹਲੀ ਵੱਲੋਂ ਲੀਲਾ ਭਵਨ ਤੋਂ ਥਾਪਰ ਚੌਂਕ ਤੱਕ 2.25 ਕਰੋੜ ਰੁਪਏ ਦੀ ਲਾਗਤ ਨਾਲ ਬਣਾਈ ਗਈ ਸੜਕ ਲੋਕਾਂ ਨੂੰ ਸਮਰਪਿਤ ਵਿਕਾਸ ਕਾਰਜਾਂ ਦੀ ਲੜੀ ਤਹਿਤ ਪਟਿਆਲਾ ਨੂੰ ਇੱਕ ਹੋਰ ਵੱਡਾ ਤੋਹਫ਼ਾ ਹੈ: ਅਜੀਤਪਾਲ ਸਿੰਘ ਕੋਹਲੀ ਨੇ ਪਟਿਆਲਾ ਸ਼ਹਿਰ ਦੇ ਵਿਕਾਸ ਨੂੰ ਹੋਰ ਗਤੀ ਦਿੱਤੀ ਹੈ। ਅਜੀਤਪਾਲ ਸਿੰਘ ਕੋਹਲੀ ਨੇ ਅੱਜ ਲੀਲਾ ਭਵਨ ਤੋਂ ਥਾਪਰ ਚੌਕ ਤੱਕ 2.25 ਕਰੋੜ ਰੁਪਏ ਦੀ ਲਾਗਤ ਨਾਲ ਨਵੀਂ ਬਣੀ ਸੜਕ ਦਾ ਉਦਘਾਟਨ ਕਰਕੇ ਲੋਕਾਂ ਨੂੰ ਸਮਰਪਿਤ ਕੀਤਾ। ਇਸ ਮੌਕੇ ਵੱਡੀ ਗਿਣਤੀ ਵਿੱਚ ਇਲਾਕਾ ਨਿਵਾਸੀ, ਸਮਾਜ ਸੇਵੀ, ਵਪਾਰੀ ਵਰਗ ਅਤੇ ਆਮ ਆਦਮੀ ਪਾਰਟੀ ਦੇ ਆਗੂ ਹਾਜ਼ਰ ਸਨ। ਉਦਘਾਟਨੀ ਸਮਾਰੋਹ ਨੂੰ ਸੰਬੋਧਨ ਕਰਦਿਆਂ ਵਿਧਾਇਕ ਸ੍ਰੀ. ਅਜੀਤਪਾਲ ਸਿੰਘ ਕੋਹਲੀ ਨੇ ਦੱਸਿਆ ਕਿ ਪੰਜਾਬ ਸਰਕਾਰ ਦੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਲੋਕਾਂ ਨਾਲ ਕੀਤੇ ਹਰ ਵਾਅਦੇ ਨੂੰ ਪੂਰਾ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਪਟਿਆਲਾ ਸ਼ਹਿਰ ਦੇ ਹਰ ਵਾਰਡ ਵਿੱਚ ਲੋਕਾਂ ਨੂੰ ਸਾਫ਼-ਸੁਥਰੀ ਸੜਕਾਂ, ਬਿਹਤਰ ਸੀਵਰੇਜ ਸਿਸਟਮ, ਪੀਣ ਵਾਲਾ ਪਾਣੀ ਅਤੇ ਹੋਰ ਬੁਨਿਆਦੀ ਸਹੂਲਤਾਂ ਮੁਹੱਈਆ ਕਰਵਾਉਣ ਲਈ ਵਿਕਾਸ ਕਾਰਜ ਜੰਗੀ ਪੱਧਰ ‘ਤੇ ਕਰਵਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਲੀਲਾ ਭਵਨ ਤੋਂ ਥਾਪਰ ਚੌਕ ਤੱਕ ਦੀ ਇਹ ਸੜਕ ਸ਼ਹਿਰ ਦੀਆਂ ਸਭ ਤੋਂ ਵਿਅਸਤ ਸੜਕਾਂ ਵਿੱਚੋਂ ਇੱਕ ਹੈ ਜਿਸ ਤੋਂ ਰੋਜ਼ਾਨਾ ਹਜ਼ਾਰਾਂ ਲੋਕ ਲੰਘਦੇ ਹਨ। ਇਸ ਸੜਕ ਦੇ ਨਵੀਨੀਕਰਨ ਨਾਲ ਨਾ ਸਿਰਫ਼ ਟਰੈਫ਼ਿਕ ਦੀ ਸਮੱਸਿਆ ਘਟੇਗੀ, ਸਗੋਂ ਆਮ ਲੋਕਾਂ ਨੂੰ ਵੀ ਸੁਖਾਲੀ ਅਤੇ ਸੁਰੱਖਿਅਤ ਆਵਾਜਾਈ ਦੀ ਸਹੂਲਤ ਮਿਲੇਗੀ। ਇਸ ਮੌਕੇ ਨਗਰ ਨਿਗਮ ਦੇ ਵਾਰਡ ਨੰਬਰ 56 ਦੇ ਕੌਂਸਲਰ ਇਤਵਿੰਦਰ ਸਿੰਘ ਲੂਥਰਾ, ਵਾਰਡ ਨੰਬਰ 50 ਦੇ ਕੌਂਸਲਰ ਹਰਮਨ ਸੰਧੂ ਅਤੇ ਵਾਰਡ ਨੰਬਰ 55 ਦੀ ਕੌਂਸਲਰ ਕਵਲਜੀਤ ਕੌਰ ਜੱਗੀ ਨੇ ਵਿਧਾਇਕ ਕੋਹਲੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਪਟਿਆਲਾ ਦੇ ਵਿਕਾਸ ਲਈ ਲਗਾਤਾਰ ਕੀਤੇ ਜਾ ਰਹੇ ਉਪਰਾਲੇ ਲੋਕਾਂ ਦੀਆਂ ਉਮੀਦਾਂ ’ਤੇ ਖਰੇ ਉਤਰ ਰਹੇ ਹਨ। ਉਨ੍ਹਾਂ ਕਿਹਾ ਕਿ ਸ਼ਹਿਰ ਦੇ ਵੱਖ-ਵੱਖ ਖੇਤਰਾਂ ਵਿੱਚ ਕਰੋੜਾਂ ਰੁਪਏ ਦੇ ਵਿਕਾਸ ਕਾਰਜ ਚੱਲ ਰਹੇ ਹਨ, ਜਿਸ ਨਾਲ ਪਟਿਆਲਾ ਦੀ ਨੁਹਾਰ ਬਦਲ ਰਹੀ ਹੈ। ਸਮਾਗਮ ਦੌਰਾਨ ਪ੍ਰਸਿੱਧ ਸਮਾਜ ਸੇਵੀ ਅਤੇ ਵਪਾਰੀ ਗੁਰਮੀਤ ਸਿੰਘ ਜੱਗੀ ਪ੍ਰਿੰਸ (ਜੱਗੀ ਸਵੀਟਸ), ਗੁਰਪ੍ਰਤਾਪ ਸਿੰਘ ਜੱਗੀ (ਜੱਗੀ ਸਵੀਟਸ), ਸਹਿਜਦੀਪ ਸਿੰਘ ਜੱਗੀ (ਜੱਗੀ ਸਵੀਟਸ) ਅਤੇ ਬਲਾਕ ਪ੍ਰਧਾਨ ਜਗਤਾਰ ਸਿੰਘ ਜੱਗੀ ਨੇ ਵੀ ਸ਼ਿਰਕਤ ਕੀਤੀ। ਉਨ੍ਹਾਂ ਕਿਹਾ ਕਿ ਸ਼ਹਿਰ ਦੇ ਵਿਕਾਸ ਲਈ ਕੀਤੇ ਜਾ ਰਹੇ ਕੰਮ ਲੋਕਾਂ ਲਈ ਲਾਹੇਵੰਦ ਸਾਬਤ ਹੋ ਰਹੇ ਹਨ ਅਤੇ ਪਟਿਆਲਾ ਨੂੰ ਆਧੁਨਿਕ ਸ਼ਹਿਰ ਵਜੋਂ ਵਿਕਸਤ ਕਰਨ ਵਿੱਚ ਅਹਿਮ ਰੋਲ ਅਦਾ ਕਰ ਰਹੇ ਹਨ। ਹਾਜ਼ਰ ਲੋਕਾਂ ਨੇ ਵੀ ਇਸ ਪ੍ਰਾਜੈਕਟ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਸ ਸੜਕ ਦੀ ਮੁਰੰਮਤ ਅਤੇ ਨਵੀਨੀਕਰਨ ਦੀ ਲੋੜ ਕਾਫੀ ਸਮੇਂ ਤੋਂ ਮਹਿਸੂਸ ਕੀਤੀ ਜਾ ਰਹੀ ਸੀ, ਜਿਸ ਨਾਲ ਹੁਣ ਇਲਾਕੇ ਦੇ ਲੋਕਾਂ ਨੂੰ ਵੱਡੀ ਰਾਹਤ ਮਿਲੇਗੀ। ਇਸ ਮੌਕੇ ਵੱਡੀ ਗਿਣਤੀ ਵਿੱਚ ਪਾਰਟੀ ਵਰਕਰ, ਇਲਾਕਾ ਨਿਵਾਸੀ, ਵਪਾਰੀ ਅਤੇ ਹੋਰ ਪਤਵੰਤੇ ਵੀ ਹਾਜ਼ਰ ਸਨ।
